ਇਰਾਨ ਨੇ ਫ਼ਾਰਸ ਦੀ ਖਾੜੀ ’ਚ ਬੁੱਧਵਾਰ ਨੂੰ ਵਪਾਰਕ ਬੇੜਿਆਂ ਅਤੇ ਖਾੜੀ ਮੁਲਕਾਂ ’ਚ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਬੇੜਿਆਂ ’ਤੇ ਹਮਲੇ ਉਦੋਂ ਕੀਤੇ ਗਏ ਹਨ ਜਦੋਂ ਅਮਰੀਕਾ ਨੇ ਮੰਗਲਵਾਰ ਨੂੰ ਇਰਾਨੀ ਜਲ ਸੈਨਾ ਦੇ ਟਿਕਾਣੇ ਤਬਾਹ ਕੀਤੇ। ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਡਰੋਨ ਹਮਲੇ ’ਚ ਇਕ ਭਾਰਤੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲੇ ਜਾਰੀ ਰਹੇ। ਇਜ਼ਰਾਈਲ ਨੇ ਲਿਬਨਾਨ ’ਚ ਹਮਲੇ ਹੋਰ ਤੇਜ਼ ਕਰ ਦਿੱਤੇ ਹਨ, ਜਿਨ੍ਹਾਂ ’ਚ 14 ਹੋਰ ਵਿਅਕਤੀ ਮਾਰੇ ਗਏ। ਇਨ੍ਹਾਂ ’ਚ ਰੈੱਡ ਕ੍ਰਾਸ ਦਾ ਵਰਕਰ ਵੀ ਸ਼ਾਮਲ ਹੈ। ਲਿਬਨਾਨ ’ਚ ਹੁਣ ਤੱਕ 500 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ।
ਕੁਵੈਤ ਨੇ ਕਿਹਾ ਕਿ ਉਸ ਨੇ ਇਰਾਨ ਦੇ ਅੱਠ ਜਦਕਿ ਸਾਊਦੀ ਅਰਬ ਨੇ ਸ਼ਾਯੇਬ ਤੇਲ ਖੇਤਰ ’ਚ ਪੰਜ ਡਰੋਨਾਂ ਨੂੰ ਡੇਗਿਆ ਹੈ। ਇਰਾਨ ਨੇ ਆਪਣੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਦੇ ਹਮਲੇ ’ਚ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ। ਇਰਾਨ ਦੀ ਸਾਂਝੀ ਫੌਜੀ ਕਮਾਂਡ ਨੇ ਐਲਾਨ ਕੀਤਾ ਹੈ ਕਿ ਉਹ ਮੱਧ ਪੂਰਬ ’ਚ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰੇਗਾ। ਇਸ ਨਾਲ ਦੁਬਈ (ਯੂ ਏ ਈ), ਜਿਥੇ ਕਈ ਕੌਮਾਂਤਰੀ ਵਿੱਤੀ ਅਦਾਰੇ ਹਨ, ਸਾਊਦੀ ਅਰਬ ਅਤੇ ਬਹਿਰੀਨ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਇਜ਼ਰਾਈਲ ਨੇ ਬੁੱਧਵਾਰ ਨੂੰ ਤਿੰਨ ਇਰਾਨੀ ਹਮਲਿਆਂ ਨੂੰ ਨਾਕਾਮ ਕੀਤਾ। ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਸ਼ਹਿਜ਼ਾਦਾ ਸੁਲਤਾਨ ਏਅਰ ਬੇਸ ’ਤੇ ਛੇ ਬੈਲਿਸਟਿਕ ਮਿਜ਼ਾਈਲਾਂ ਨੂੰ ਨਸ਼ਟ ਕੀਤਾ। ਬਰਤਾਨੀਆ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੇ ਕੰਟੇਨਰ ਬੇੜੇ ’ਤੇ ਹਮਲਾ ਹੋਇਆ ਪਰ ਉਸ ਨੂੰ ਪੁੱਜੇ ਨੁਕਸਾਨ ਦਾ ਪਤਾ ਨਹੀਂ ਲੱਗਿਆ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਵਿੱਚ ਹਮਲਾ ਕਰਨ ਲਈ ਕੁਝ ਨਹੀਂ ਬਚਿਆ ਹੈ ਅਤੇ ਜੰਗ ਛੇਤੀ ਖ਼ਤਮ ਹੋ ਜਾਵੇਗੀ।










