ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੇ ਮੈਂਬਰਾਂ ਨੇ ਅੱਜ ਗਾਜ਼ਾ ਜੰਗਬੰਦੀ ਸਮਝੌਤੇ ਨੂੰ ਸਥਾਈ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਕਿਨਾਰੇ ਵਿੱਚ ਕੰਟਰੋਲ ਵਧਾਉਣ ਦੀਆਂ ਇਜ਼ਰਾਇਲੀ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਇਸ ਨੂੰ ਦੋ ਦੇਸ਼ਾਂ ਦੇ ਮਸਲੇ ਹੱਲ ਕਰਨ ਦੀਆਂ ਸੰਭਾਵਨਾਵਾਂ ਲਈ ਖ਼ਤਰਾ ਕਰਾਰ ਦਿੱਤਾ। ਇਹ ਘਟਨਾਕ੍ਰਮ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਲਸਤੀਨੀ ਖੇਤਰਾਂ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਪਹਿਲੀ ‘ਬੋਰਡ ਆਫ ਪੀਸ’ ਮੀਟਿੰਗ ਤੋਂ ਠੀਕ ਪਹਿਲਾਂ ਹੋਇਆ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦਾ ਇਹ ਉੱਚ-ਪੱਧਰੀ ਸੈਸ਼ਨ ਅਸਲ ਵਿੱਚ ਵੀਰਵਾਰ ਲਈ ਤੈਅ ਕੀਤਾ ਗਿਆ ਸੀ ਪਰ ਟਰੰਪ ਵੱਲੋਂ ਉਸੇ ਦਿਨ ਬੋਰਡ ਦੀ ਮੀਟਿੰਗ ਹੋਣ ਸਬੰਧੀ ਐਲਾਨ ਤੋਂ ਬਾਅਦ ਇਹ ਇਜਲਾਸ ਪਹਿਲਾਂ ਕਰ ਦਿੱਤਾ ਗਿਆ। ਇਹ ਸਥਿਤੀ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਅਤੇ ਟਰੰਪ ਦੀ ਨਵੀਂ ਪਹਿਲਕਦਮੀ ਵਿਚਕਾਰ ਟਕਰਾਅ ਵਾਲੇ ਏਜੰਡੇ ਦੇ ਸੰਕੇਤ ਦਿੰਦੀ ਹੈ। ਗਾਜ਼ਾ ਦੇ ਪੁਨਰ ਨਿਰਮਾਣ ਲਈ ਸੱਤ ਅਰਬ ਡਾਲਰ ਦਾ ਫੰਡ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਆਪਣੇ ‘ਬੋਰਡ ਆਫ ਪੀਸ’ ਦੀ ਪਹਿਲੀ ਬੈਠਕ ਵਿੱਚ ਦੱਸਿਆ ਕਿ ਗਾਜ਼ਾ ਪੁਨਰ ਨਿਰਮਾਣ ਫੰਡ ਵਿੱਚ 7 ਅਰਬ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਇਹ ਫੰਡ ਉਦੋਂ ਦਿੱਤਾ ਜਾਵੇਗਾ, ਜਦੋਂ ਹਮਾਸ ਹਥਿਆਰ ਸੁੱਟ ਦੇਵੇਗਾ। ਇਸੇ ਦੌਰਾਨ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਆਪਣੇ ਪ੍ਰਮੁੱਖ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਕਰਨਾ ਪਵੇਗਾ, ਨਹੀਂ ਤਾਂ ਬਹੁਤ ਮਾੜਾ ਹੋਵੇਗਾ। ਟਰੰਪ ਨੇ ਅਮਰੀਕਾ ਵੱਲੋਂ ਸੰਭਾਵੀ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਇਰਾਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। -ਰਾਇਟਰਜ਼










