ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਅਮਰੀਕਾ ਨੇ ਤਜਵੀਜ਼ ਕੀਤੀ ਸ਼ਾਂਤੀ ਯੋਜਨਾ ਤਹਿਤ ਯੂਕਰੇਨ ਨੂੰ 15 ਸਾਲ ਲਈ ਸੁਰੱਖਿਆ ਗਾਰੰਟੀ ਦੀ ਪੇਸ਼ਕਸ਼ ਕੀਤੀ ਹੈ ਪਰ ਉਹ ਆਪਣੀ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਦੀਆਂ ਰੂਸ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ 50 ਸਾਲ ਤੱਕ ਦੀ ਅਮਰੀਕੀ ਵਚਨਬੱਧਤਾ ਨੂੰ ਤਰਜੀਹ ਦੇਣਗੇ। ਉਨ੍ਹਾਂ ਇਹ ਗੱਲ ਫਲੋਰਿਡਾ ਰਿਜ਼ੌਰਟ ’ਚ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਹੀ ਜਿਸ ’ਚ ਸ੍ਰੀ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਤੇ ਰੂਸ ਸ਼ਾਂਤੀ ਸਮਝੌਤੇ ਦੇ ‘ਪਹਿਲਾਂ ਨਾਲੋਂ ਕਿਤੇ ਵੱਧ ਕਰੀਬ’ ਹਨ।
ਸ੍ਰੀ ਜ਼ੇਲੈਂਸਕੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸਲ ਸੁਰੱਖਿਆ ਗਾਰੰਟੀਆਂ ਤੋਂ ਬਿਨਾਂ ਇਹ ਜੰਗ ਖਤਮ ਨਹੀਂ ਹੋਵੇਗੀ।’’ ਸੁਰੱਖਿਆ ਗਾਰੰਟੀ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਜ਼ੇਲੈਂਸਕੀ ਨੇ ਕਿਹਾ ਕਿ ਇਸ ’ਚ ਸ਼ਾਂਤੀ ਸਮਝੌਤੇ ਦੀ ਨਿਗਰਾਨੀ ਤੇ ਭਾਈਵਾਲਾਂ ਦੀ ਸ਼ਮੂਲੀਅਤ ਵੀ ਸ਼ਾਮਲ ਹੈ। ਦੂਜੇ ਪਾਸੇ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇੜ ਭਵਿੱਖ ’ਚ ਗੱਲਬਾਤ ਕਰ ਸਕਦੇ ਹਨ ਪਰ ਰੂਸੀ ਆਗੂ ਵੱਲੋਂ ਜ਼ੇਲੈਂਸਕੀ ਨਾਲ ਗੱਲਬਾਤ ਕੀਤੇ ਜਾਣ ਦਾ ਕੋਈ ਸੰਕੇਤ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸ੍ਰੀ ਜ਼ਲੈਂਸਕੀ ਦੀ ਮੇਜ਼ਬਾਨੀ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਯੂਕਰੇਨ ਤੇ ਰੂਸ ਸ਼ਾਂਤੀ ਸਮਝੌਤੇ ਦੇ ‘ਪਹਿਲਾਂ ਨਾਲੋਂ ਕਿਤੇ ਵੱਧ ਕਰੀਬ’ ਹਨ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਵਾਰਤਾ ਗੁੰਝਲਦਾਰ ਹੈ, ਇਸ ਦੇ ਨਾਕਾਮ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਉਂ ਜੰਗ ਸਾਲਾਂ ਤੱਕ ਲੰਮੀ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਉਨ੍ਹਾਂ ਦੀ ਫੋਨ ’ਤੇ ਢਾਈ ਘੰਟੇ ‘ਬਹੁਤ ਚੰਗੀ’ ਗੱਲਬਾਤ ਹੋਈ; ਲਗਦਾ ਹੈ ਕਿ ਪੂਤਿਨ ਸ਼ਾਂਤੀ ਚਾਹੁੰਦੇ ਹਨ ਪਰ ਜੇਲੈਂਸਕੀ ਦੇ ਵਾਰਤਾ ਲਈ ਅਮਰੀਕਾ ਰਵਾਨਾ ਹੋਣ ਦੌਰਾਨ ਰੂਸ ਨੇ ਯੂਕਰੇਨ ’ਤੇ ਮੁੜ ਹਮਲੇ ਕੀਤੇ। ਕਈ ਗੁੰਝਲਦਾਰ ਮੁੱਦੇ ਹਾਲੇ ਵੀ ਬਾਕੀ ਹਨ ਜਿਨ੍ਹਾਂ ’ਚ ਇਹ ਸਵਾਲ ਵੀ ਹੈ ਕਿ ਰੂਸ ਦੇ ਕਬਜ਼ੇ ਹੇਠਲੇ ਯੂਕਰੇਨੀ ਖਿੱਤਿਆਂ ਦਾ ਕੀ ਹੋਵੇਗਾ ਅਤੇ ਯੂਕਰੇਨ ਲਈ ਅਜਿਹਾ ਸੁਰੱਖਿਆ ਭਰੋਸਾ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਭਵਿੱਖ ’ਚ ਉਸ ’ਤੇ ਮੁੜ ਹਮਲਾ ਨਾ ਹੋਵੇ। ਇਸ ਗੱਲਬਾਤ ਮਗਰੋਂ ਦੋਵਾਂ ਆਗੂਆਂ ਨੇ ਯੂਰੋਪ ਦੇ ਕਈ ਆਗੂਆਂ ਨਾਲ ਫੋਨ ’ਤੇ ਗੱਲ ਕੀਤੀ ਜਿਨ੍ਹਾਂ ’ਚ ਯੂਰੋਪੀਅਨ ਯੂਨੀਅਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਦੇ ਨਾਲ-ਨਾਲ ਫਿਨਲੈਂਡ, ਜਰਮਨੀ, ਬਰਤਾਨੀਆ ਤੇ ਪੋਲੈਂਡ ਦੇ ਨੇਤਾ ਸ਼ਾਮਲ ਸਨ। ਸ੍ਰੀ ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਜਨਵਰੀ ’ਚ ਯੂਰੋਪੀਅਨ ਆਗੂਆਂ ਦੀ ਇੱਕ ਹੋਰ ਮੀਟਿੰਗ ਦੀ ਮੇਜ਼ਬਾਨੀ ਲਈ ਸਹਿਮਤ ਹੋਏ ਹਨ ਜੋ ਸੰਭਵ ਹੈ ਕਿ ਵ੍ਹਾਈਟ ਹਾਊਸ ’ਚ ਹੋਵੇਗੀ।










