ਗਰੇਟਰ ਟੋਰਾਂਟੋ ਵਿੱਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ (ਸਿਨਗੌਗ) ’ਤੇ ਲੰਘੀ ਰਾਤ ਗੋਲੀਬਾਰੀ ਕੀਤੀ ਗਈ, ਜਿਸ ਕਰ ਕੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਯੌਰਕ ਪੁਲੀਸ ਅਨੁਸਾਰ ਪਹਿਲੀ ਘਟਨਾ ਰਾਤ 11.45 ਵਜੇ ਯੌਰਕ ਹਿੱਲ ਬੁਲੇਵਰਡ ਅਤੇ ਕਲਾਰਕ ਐਵੇਨਿਊ ਸਥਿਤ ਪੂਜਾ ਘਰ ’ਚ ਵਾਪਰੀ। ਇੱਥੇ ਮੂਹਰਲੇ ਗੇਟ ’ਤੇ ਘੱਟੋ-ਘੱਟ ਛੇ ਗੋਲੀਆਂ ਦੇ ਨਿਸ਼ਾਨ ਸਨ। ਘਟਨਾ ਵੇਲੇ ਇਮਾਰਤ ਵਿੱਚ ਦੋ ਵਿਅਕਤੀ ਮੌਜੂਦ ਸਨ।
ਗੋਲੀਬਾਰੀ ਦੀ ਦੂਜੀ ਘਟਨਾ ਥੌਰਨ ਹਿੱਲ ਸਥਿਤ ਉਸੇ ਤਰ੍ਹਾਂ ਦੇ ਦੂਜੇ ਸਥਾਨ ਵਿਖੇ ਵਾਪਰੀ। ਉੱਥੇ ਵੀ ਗੋਲੀਆਂ ਤਾਂ ਨਿਸ਼ਾਨਾ ਸੇਧ ਕੇ ਮਾਰੀਆਂ ਗਈਆਂ ਸਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਦੀ ਪਛਾਣ ਕਰਨ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ। ਟੋਰਾਂਟੋ ਪੁਲੀਸ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਯਹੂਦੀਆਂ ਪ੍ਰਤੀ ਇਹੋ ਜਿਹੀਆਂ ਘਟਨਾਵਾਂ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਪੁਲੀਸ ਨੇ ਲਿਖਿਆ ਕਿ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਟੋਰਾਂਟੋ ਤੇ ਯੌਰਕ ਵਿੱਚ ਇੱਕੋ ਰਾਤ ਵਾਪਰੀਆਂ ਦੋਵੇਂ ਘਟਨਾਵਾਂ ਆਪਸ ਵਿੱਚ ਸਬੰਧਤ ਹਨ ਜਾਂ ਨਹੀਂ ਅਤੇ ਯਹੂਦੀ ਖੇਤਰਾਂ ’ਚ ਪੁਲੀਸ ਦੀ ਨਫ਼ਰੀ ਵਧਾਈ ਗਈ ਹੈ। ਪੁਲੀਸ ਅਨੁਸਾਰ ਇਹਤਿਆਤ ਵਜੋਂ ਬਥੁਰਟ ਸਟ੍ਰੀਟ ਅਤੇ ਸ਼ੈਪਰਡ ਐਵੇਨਿਊ ਕੋਲ ਕਮਾਂਡ ਪੋਸਟ ਕਾਇਮ ਕਰ ਦਿੱਤੀ ਗਈ ਹੈ। ਟੋਰਾਂਟੋ ਦੀ ਮੇਅਰ ਉਲੀਵੀਆ ਚਾਓ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦੇ ਹੋਏ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਵੁਆਨ ਦੇ ਮੇਅਰ ਸਟੀਵਨ ਡੈੱਲ ਡੁੱਕਾ ਨੇ ਇਸ ਨੂੰ ਨਫ਼ਰਤੀ ਹਮਲਾ ਕਰਾਰ ਦਿੱਤਾ।










