ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਵਿਰੁੱਧ ਤਿੱਖਾ ਜਵਾਬੀ ਹਮਲਾ ਕੀਤਾ ਹੈ। ਭਾਰਤ ਨੇ ਸਿੰਧ ਜਲ ਸੰਧੀ (Indus Waters Treaty) ਨੂੰ ਮੁਲਤਵੀ (Abeyance) ਕਰਨ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਇਸਲਾਮਾਬਾਦ ‘ਤੇ ਭਾਰਤ ਵਿਰੁੱਧ ‘ਤਿੰਨ ਜੰਗਾਂ’ ਛੇੜਨ ਅਤੇ ‘ਹਜ਼ਾਰਾਂ ਅਤਿਵਾਦੀ ਹਮਲਿਆਂ’ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ।
‘ਵਿਸ਼ਵ ਜਲ ਦਿਵਸ’ ‘ਤੇ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਜਵਾਬ ਦਿੰਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਾਨੇਨੀ ਨੇ ਕਿਹਾ ਕਿ ਦਹਾਕਿਆਂ ਤੋਂ ਚੱਲ ਰਹੇ ਸਰਹੱਦ ਪਾਰ ਅਤਿਵਾਦ ਤੋਂ ਬਾਅਦ ਨਵੀਂ ਦਿੱਲੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲਗਾਤਾਰ ਦੁਸ਼ਮਣੀ ਦੇ ਮਾਹੌਲ ਵਿੱਚ 1960 ਦੀ ਸੰਧੀ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਪਰਵਥਾਨੇਨੀ ਨੇ ਬਹੁਪੱਖੀ ਫੋਰਮ ‘ਤੇ ਜਵਾਬ ਦੇਣ ਦੇ ਆਪਣੇ ਅਧਿਕਾਰ (Right of reply) ਦੀ ਵਰਤੋਂ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਕਿਹਾ, “ਪਾਕਿਸਤਾਨ ਨੇ ਭਾਰਤ ‘ਤੇ ਤਿੰਨ ਜੰਗਾਂ ਅਤੇ ਹਜ਼ਾਰਾਂ ਅਤਿਵਾਦੀ ਹਮਲੇ ਕਰਕੇ ਇਸ ਸੰਧੀ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅਤਿਵਾਦੀ ਹਮਲਿਆਂ ਵਿੱਚ ਹਜ਼ਾਰਾਂ ਬੇਗੁਨਾਹ ਭਾਰਤੀ ਸ਼ਿਕਾਰ ਹੋਏ ਹਨ।” ਉਨ੍ਹਾਂ ਰੇਖਾਂਕਿਤ ਕੀਤਾ ਕਿ ਭਾਰਤ ਨੇ ਸਿੰਧ ਜਲ ਸੰਧੀ ਨੂੰ “ਨੇਕ ਨੀਅਤ ਅਤੇ ਸਦਭਾਵਨਾ ਤੇ ਦੋਸਤੀ ਦੀ ਭਾਵਨਾ” ਨਾਲ ਸਵੀਕਾਰ ਕੀਤਾ ਸੀ, ਪਰ ਅਖੀਰ ਵਿੱਚ ਇਸ ਨੂੰ ਉਦੋਂ ਤੱਕ ਮੁਲਤਵੀ ਕਰਨ ਲਈ ਮਜ਼ਬੂਰ ਹੋਣਾ ਪਿਆ ਜਦੋਂ ਤੱਕ ਪਾਕਿਸਤਾਨ “ਭਰੋਸੇਯੋਗ ਅਤੇ ਅਟੱਲ ਤੌਰ ‘ਤੇ ਅਤਿਵਾਦ ਦੇ ਸਾਰੇ ਰੂਪਾਂ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ।”
ਹਾਲਾਂਕਿ, ਭਾਰਤੀ ਦੂਤ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਨੇ ਦੁਵੱਲੇ ਮੁੱਦਿਆਂ ਨੂੰ ਉਠਾਉਣ ਲਈ ਇਸ ਅੰਤਰਰਾਸ਼ਟਰੀ ਮੰਚ ਦੀ “ਦੁਰਵਰਤੋਂ” ਕੀਤੀ ਹੈ, ਜਿਸ ਕਾਰਨ ਭਾਰਤ ਨੂੰ ਸਖ਼ਤ ਜਵਾਬ ਦੇਣਾ ਪਿਆ।
ਪਰਵਥਾਨੇਨੀ ਨੇ ਇਹ ਵੀ ਦੱਸਿਆ ਕਿ ਛੇ ਦਹਾਕੇ ਪਹਿਲਾਂ ਹਸਤਾਖਰ ਕੀਤੀ ਗਈ ਸਿੰਧ ਜਲ ਸੰਧੀ ਹੁਣ ਮੌਜੂਦਾ ਹਕੀਕਤਾਂ ਨੂੰ ਨਹੀਂ ਦਰਸਾਉਂਦੀ। ਉਨ੍ਹਾਂ ਨੇ ਡੈਮ ਦੇ ਬੁਨਿਆਦੀ ਢਾਂਚੇ ਵਿੱਚ ਤਕਨੀਕੀ ਤਰੱਕੀ, ਸਵੱਛ ਊਰਜਾ ਦੀਆਂ ਵਧਦੀਆਂ ਲੋੜਾਂ ਅਤੇ ਜਲਵਾਯੂ ਦੇ ਨਾਲ-ਨਾਲ ਜਨਸੰਖਿਆ ਵਿੱਚ ਆਏ ਬਦਲਾਅ ਦਾ ਹਵਾਲਾ ਦਿੱਤਾ।
ਉਨ੍ਹਾਂ ਨੇ ਕਿਹਾ, “ਪਾਕਿਸਤਾਨ ਨਾਲ ਸੰਧੀ ਵਿੱਚ ਸੋਧਾਂ ਬਾਰੇ ਚਰਚਾ ਕਰਨ ਦੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਠੁਕਰਾ ਦਿੱਤਾ ਗਿਆ,” ਜਿਸ ਤੋਂ ਸੰਕੇਤ ਮਿਲਦਾ ਹੈ ਕਿ ਗੱਲਬਾਤ ਦੀ ਘਾਟ ਨੇ ਇਸ ਸਮਝੌਤੇ ਦੀ ਵਿਵਹਾਰਕਤਾ ਨੂੰ ਹੋਰ ਸੀਮਤ ਕਰ ਦਿੱਤਾ ਹੈ।
ਭਾਰਤ ਦੇ “ਜ਼ਿੰਮੇਵਾਰ ਅੱਪਰ ਰਿਪੇਰੀਅਨ ਸਟੇਟ” (ਨਦੀ ਦੇ ਉਪਰਲੇ ਹਿੱਸੇ ਵਾਲਾ ਦੇਸ਼) ਹੋਣ ਦੇ ਰੁਤਬੇ ਨੂੰ ਦੁਹਰਾਉਂਦਿਆਂ, ਦੂਤ ਨੇ ਕਿਹਾ ਕਿ ਅਜਿਹੀ ਜ਼ਿੰਮੇਵਾਰੀ ਤਦ ਹੀ ਸੰਭਵ ਹੈ ਜੇਕਰ ਪਾਕਿਸਤਾਨ ਅੱਤਵਾਦ ਨੂੰ ਰਾਜ ਦੀ ਨੀਤੀ ਵਜੋਂ ਵਰਤਣਾ ਬੰਦ ਕਰੇ।
ਉਨ੍ਹਾਂ ਕਿਹਾ, “ਪਾਕਿਸਤਾਨ ਨੂੰ ਸੰਧੀਆਂ ਦੀ ਪਵਿੱਤਰਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਮਨੁੱਖੀ ਜੀਵਨ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ।”










