ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਪੋਲਿਸ਼ ਹਮਰੁਤਬਾ ਰਾਡੋਸਲਾਵ ਸਿਕੋਰਕਸੀ ਨੂੰ ਕਿਹਾ ਕਿ ਪੋਲੈਂਡ ਨੂੰ ਅਤਿਵਾਦ ਪ੍ਰਤੀ ‘ਬਰਦਾਸ਼ਤ ਨਾ ਕਰਨ’ ਵਾਲਾ ਰੁਖ਼ ਅਪਣਾਉਣਾ ਚਾਹੀਦਾ ਹੈ ਅਤੇ ਭਾਰਤ ਦੇ ਗੁਆਂਢ ’ਚ ਅਤਿਵਾਦੀ ਢਾਂਚੇ ਨੂੰ ‘ਸ਼ਹਿ’ ਨਹੀਂ ਦੇਣੀ ਚਾਹੀਦੀ। ਉਨ੍ਹਾਂ ਇਹ ਗੱਲ ਅਕਤੂਬਰ ’ਚ ਪੋਲੈਂਡ-ਪਾਕਿਸਤਾਨ ਦੇ ਸਾਂਝੇ ਬਿਆਨ ’ਚ ਕਸ਼ਮੀਰ ਦੇ ਜ਼ਿਕਰ ਦੇ ਸੰਦਰਭ ’ਚ ਕਹੀ।
ਸ੍ਰੀ ਸਿਕੋਰਸਕੀ ਨਾਲ ਮੀਟਿੰਗ ਦੌਰਾਨ ਸ੍ਰੀ ਜੈਸ਼ੰਕਰ ਨੇ ਯੂਕਰੇਨ ਵਿਵਾਦ ਨੂੰ ਲੈ ਕੇ ਭਾਰਤ ਨੂੰ ਗ਼ੈਰਵਾਜਿਬ ਢੰਗ ਨਾਲ ‘ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਏ ਜਾਣ’ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ’ਚ ਹੋਈ ਮੀਟਿੰਗ ਦੌਰਾਨ ਟੈਲੀਵਿਜ਼ਨ ’ਤੇ ਪ੍ਰਸਾਰਿਤ ਸ਼ੁਰੂਆਤੀ ਭਾਸ਼ਣ ’ਚ ਇਹ ਟਿੱਪਣੀਆਂ ਕੀਤੀਆਂ। ਸ੍ਰੀ ਸਿਕੋਰਸਕੀ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਵੀ ਹਨ।










