ਕਿਊਬਾ ਸਰਕਾਰ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ਵਿੱਚ 32 ਕਿਊਬਾ ਅਧਿਕਾਰੀ ਮਾਰੇ ਗਏ ਹਨ। ਕਿਊਬਾ ਦੀ ਫੌਜ ਅਤੇ ਪੁਲੀਸ ਦੇ ਅਧਿਕਾਰੀ ਇੱਕ ਮਿਸ਼ਨ ’ਤੇ ਸਨ ਜਦੋਂ ਅਮਰੀਕਾ ਨੇ ਵੈਨੇਜ਼ੁਏਲਾ ਖ਼ਿਲਾਫ਼ ਫੌਜੀ ਕਾਰਵਾਈ ਕੀਤੀ। ਕਿਊਬਾ ਨੇ ਇਨ੍ਹਾਂ ਮੌਤਾਂ ਦੀ ਪਹਿਲੀ ਵਾਰ ਅਧਿਕਾਰਤ ਪੁਸ਼ਟੀ ਕੀਤੀ ਹੈ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੱਖਣੀ ਅਮਰੀਕੀ ਦੇਸ਼ ਵਿੱਚ ਕਿਊਬਾ ਦੇ ਅਧਿਕਾਰੀ ਕੀ ਕੰਮ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਿਊਬਾ ਦੀ ਵੈਨੇਜ਼ੁਏਲਾ ਦੀ ਸਰਕਾਰ ਨਾਲ ਨੇੜਤਾ ਹੈ ਤੇ ਕਿਊਬਾ ਕਈ ਸਾਲਾਂ ਤੋਂ ਸਾਂਝੀਆਂ ਮਸ਼ਕਾਂ ਲਈ ਫੌਜੀ ਅਤੇ ਪੁਲੀਸ ਬਲ ਭੇਜਦਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਰਾਤ ਫਲੋਰੀਡਾ ਤੋਂ ਵਾਸ਼ਿੰਗਟਨ ਵਾਪਸ ਉਡਾਣ ਭਰਦੇ ਹੋਏ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਤੁਸੀਂ ਜਾਣਦੇ ਹੋ, ਬੀਤੇ ਕੱਲ੍ਹ ਬਹੁਤ ਸਾਰੇ ਕਿਊਬਾ ਵਾਸੀ ਮਾਰੇ ਗਏ ਸਨ ਪਰ ਸਾਡਾ ਕੋਈ ਜਵਾਨ ਮਾਰਿਆ ਨਹੀਂ ਗਿਆ।’ਕਿਊਬਾ ਦੇ ਅਧਿਕਾਰੀਆਂ ਦੀਆਂ ਮੌਤਾਂ ਤੋਂ ਬਾਅਦ ਕਿਊਬਾ ਦੀ ਸਰਕਾਰ ਨੇ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।ਕਿਊਬਾ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ, ‘ਸਾਡੇ ਦੇਸ਼ ਵਾਸੀਆਂ ਨੇ ਸੁਰੱਖਿਆ ਅਤੇ ਰੱਖਿਆ ਲਈ ਆਪਣੀਆਂ ਜ਼ਿੰਮੇਵਾਰੀਆਂ ਵਫ਼ਾਦਾਰੀ ਨਾਲ ਨਿਭਾਈਆਂ ਪਰ ਉਹ ਬੰਬ ਧਮਾਕਿਆਂ ਦੀ ਮਾਰ ਹੇਠ ਆ ਗਏ।’ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਨੇ ਕਿਊਬਾ ਨੂੰ ਦਖਲਅੰਦਾਜ਼ੀ ਦੇ ਮਾਮਲੇ ’ਤੇ ਚਿਤਾਵਨੀ ਦਿੱਤੀ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮਾਦੁਰੋ ਦੀ ਸੁਰੱਖਿਆ ਤੇ ਖੁਫੀਆ ਤੰਤਰ ਵਿਚ ਕਿਊਬਾ ਦੀ ਦਖਲਅੰਦਾਜ਼ੀ ਸੀ ਜੋ ਗਲਤ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਿਊਬਾ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ ਜਿਸ ਕਰ ਕੇ ਅਮਰੀਕਾ ਉਥੋਂ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਕਿਊਬਾ ਨੇ ਅਮਰੀਕਾ ਦੀ ਵੈਨਜ਼ੁਏਲਾ ’ਤੇ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਇਹ ਕਾਰਵਾਈ ਪੂਰੇ ਖਿੱਤੇ ਨੂੰ ਅਸਥਿਰ ਕਰ ਦੇਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ। ਏਪੀ










