ਲੰਡਨ (ਪੀਟੀਆਈ) : ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਜ਼ਾਨਿਆਂ ’ਤੇ ਅਸਲੀ ਖੋਜ ਕਰਨ ਦਾ ਸੱਦਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਸੂਚੀਬੱਧ ਕੀਤਾ ਜਾ ਸਕੇ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇਕ ਅਜਾਇਬਘਰ ’ਚ ਸੰਭਾਲਿਆ ਜਾ ਸਕੇ।
ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੋਮਵਾਰ ਸ਼ਾਮ ਨੂੰ ਲੰਡਨ ਦੇ ਹਾਊਸ ਆਫ ਲਾਰਡਸ ਕੰਪਲੈਕਸ ’ਚ ਬਰਤਾਨਵੀ ਸਿੱਖ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ’ਚ ਰੱਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ’ਚ ਬਸਤੀਵਾਦ ਕਾਲ ਦੀ ਇਕ ਫਾਈਲ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਵਿਚ ਭਾਰਤ ’ਚ ਸਿੱਖ ਸਮਰਾਜ ਦੇ 19ਵੀਂ ਸਦੀ ਦੇ ਸ਼ਾਸਕ ਦੇ ਕਈ ਖਜ਼ਾਨਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ।
ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨਾ ਤੋਂ ਖਜ਼ਾਨਿਆਂ ਦੀ ਇਕ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਸਾਡੀ ਸਿੱਖ ਵਿਰਾਸਤ ’ਤੇ ਮਾਣ ਕਰ ਸਕਣ। ਇਤਿਹਾਸਕ ਰਿਕਾਰਡਾਂ ’ਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਖੰਭ, ਜਿਹੜਾ ਉਨ੍ਹਾਂ ਦੀ ਦਸਤਾਰ ਨੂੰ ਸੁਸ਼ੋਭਿਤ ਕਰਦਾ ਸੀ, ਤੋਸ਼ਾਖਾਨੇ ’ਚ ਰੱਖਿਆ ਜਾਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਸਨੂੰ ਹਰ ਰੋਜ਼ ਛੂੰਹਦੇ ਸਨ।ਮਹਾਰਾਜਾ ਦੀ ਸੋਨੇ ਦੀ ਕੁਰਸੀ ਹੁਣ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਅਜਾਇਬਘਰ ’ਚ ਪ੍ਰਦਰਸ਼ਿਤ ਹੈ ਪਰ ਕਈ ਚੀਜ਼ਾਂ ਹਾਲੇ ਵੀ ਸਟੋਰ ’ਚ ਪਈਆਂ ਹਨ, ਜਿਨ੍ਹਾਂ ਨੂੰ ਇਕ ਹੀ ਛੱਤ ਦੇ ਹੇਠਾਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਅੰਮਿ੍ਰਤਸਰ ’ਚ ਮਹਾਰਾਜਾ ਰਣਜੀਤ ਸਿੰਘ ’ਤੇ ਇਕ ਅਜਾਇਬਘਰ ਦੀ ਸਥਾਪਨਾ ’ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਸਿੰਘ ਨੇ ਦੋਹਰਾਇਆ ਕਿ ਉਨ੍ਹਾਂ ਦੀ ਮੰਗ ਇਨ੍ਹਾਂ ਵਸਤਾਂ ਨੂੰ ਭਾਰਤ ਵਾਪਸ ਲਿਆਉਣ ਦੀ ਨਹੀਂ, ਬਲਕਿ ਬਰਤਾਨੀਆ ’ਚ ਉਨ੍ਹਾਂ ਦੀ ਉਚਿਤ ਦੇਖਭਾਲ ਤੇ ਪ੍ਰਦਰਸ਼ਨ ਦੀ ਹੈ•।