ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਸ਼ੁਰੂ ਹੋਣ ਮਗਰੋਂ ਇਹ ਪਹਿਲਾ ਬੇੜਾ ਹੈ ਜੋ ਹਰਮੁਜ਼ ਜਲ ਮਾਰਗ ਰਾਹੀਂ ਤੇਲ ਲੈ ਕੇ ਭਾਰਤ ਪਹੁੰਚਿਆ ਹੈ। ਬੇੜੇ ’ਚ 1,35,335 ਮੀਟਰਿਕ ਟਨ ਕੱਚਾ ਤੇਲ ਹੈ ਜਿਸ ਦੀ ਸਪਲਾਈ ਪੂਰਬੀ ਮੁੰਬਈ ਦੇ ਮਾਹੁਲ ਸਥਿਤ ਰਿਫਾਇਨਰੀਆਂ ਨੂੰ ਕੀਤੀ ਜਾਵੇਗੀ। ਇਕ ਹੋਰ ਵੱਡੇ ਜਹਾਜ਼ ਦੇ ਦੋ ਕੁ ਦਿਨਾਂ ’ਚ ਭਾਰਤੀ ਬੰਦਰਗਾਹ ’ਤੇ ਪੁੱਜਣ ਦੀ ਸੰਭਾਵਨਾ ਹੈ।
ਟੈਂਕਰ ਨੇ ਪਹਿਲੀ ਮਾਰਚ ਨੂੰ ਸਾਊਦੀ ਅਰਬ ਦੀ ਰਾਸ ਤਨੂਰਾ ਬੰਦਰਗਾਹ ਤੋਂ ਕੱਚਾ ਤੇਲ ਭਰਿਆ ਸੀ ਅਤੇ 3 ਮਾਰਚ ਨੂੰ ਉਥੋਂ ਭਾਰਤ ਲਈ ਰਵਾਨਾ ਹੋਇਆ ਸੀ। ਸਮੁੰਦਰੀ ਟਰੈਕਿੰਗ ਡੇਟਾ ਤੋਂ ਪਤਾ ਲੱਗਾ ਕਿ 8 ਮਾਰਚ ਨੂੰ ਇਹ ਜਹਾਜ਼ ਹਰਮੁਜ਼ ਜਲ ਮਾਰਗ ’ਚ ਸੀ ਜਿਸ ਮਗਰੋਂ ਇਹ ਕੁਝ ਸਮੇਂ ਲਈ ਟਰੈਕਿੰਗ ਪ੍ਰਣਾਲੀ ਤੋਂ ਗਾਇਬ ਹੋ ਗਿਆ। ਜਾਣਕਾਰੀ ਮੁਤਾਬਕ ਜਲ ਮਾਰਗ ਦੇ ਜੋਖਮ ਵਾਲੇ ਹਿੱਸੇ ਤੋਂ ਲੰਘਦੇ ਸਮੇਂ ਟੈਂਕਰ ਨੇ ਆਪਣੀ ਆਟੋਮੈਟਿਕ ਪਛਾਣ ਪ੍ਰਣਾਲੀ (ਏ ਆਈ ਐੱਸ) ਟਰਾਂਸਪੋਂਡਰ ਬੰਦ ਕਰ ਦਿੱਤੀ ਸੀ ਅਤੇ 9 ਮਾਰਚ ਨੂੰ ਇਹ ਟਰੈਕਿੰਗ ਪ੍ਰਣਾਲੀ ’ਤੇ ਮੁੜ ਦਿਖਾਈ ਦਿੱਤਾ ਸੀ।










