ਜਪਾਨ ਨਾਲ ਵਧਦੇ ਕੂਟਨੀਤਕ ਤਣਾਅ ਦਰਮਿਆਨ ਚੀਨ ਦੀ ਫੌਜ ਨੇ ਤਾਇਵਾਨ ਦੇ ਪਾਣੀਆਂ ਵਿੱਚ ਨਵੀਆਂ ਜੰਗੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਚੀਨ, ਤਾਇਵਾਨ ’ਤੇ ਆਪਣਾ ਅਧਿਕਾਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਇਸ ਨੂੰ ਲੈ ਕੇ ਚੀਨ ਤੇ ਜਪਾਨ ਦਰਮਿਆਨ ਤਣਾਅ ਹੈ।
ਸਰਕਾਰੀ ਖ਼ਬਰ ਏਜੰਸੀ ਸਿਨਹੂਆ ਵਿੱਚ ਕਿਹਾ ਗਿਆ ਹੈ, ‘‘ਚੀਨ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਦੀ ਪੂਰਬੀ ਥੀਏਟਰ ਕਮਾਂਡ ਸੋਮਵਾਰ ਨੂੰ ਤਾਇਵਾਨ ਦੇ ਪਾਣੀਆਂ ਅਤੇ ਹਵਾਈ ਖੇਤਰ ਵਿੱਚ ਮਸ਼ਕਾਂ ਕਰਨ ਲਈ ਜੰਗੀ ਜਹਾਜ਼ਾਂ, ਬੰਬ ਸੁੱਟਣ ਵਾਲੇ ਉਪਕਰਨਾਂ ਅਤੇ ਮਨੁੱਖ ਰਹਿਤ ਹਵਾਈ ਵਾਹਨਾਂ (ਯੂ ਏ ਵੀ) ਦਾ ਇਸਤੇਮਾਲ ਕਰ ਰਹੀ ਹੈ।’’ ਸਰਕਾਰੀ ਖ਼ਬਰ ਏਜੰਸੀ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਜੰਗੀ ਮਸ਼ਕਾਂ ਦਾ ਮਕਸਦ ਜ਼ਮੀਨੀ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਮੁੱਖ ਟੀਚਿਆਂ ’ਤੇ ਹਮਲੇ ਕਰਨ ਦੀ ਫੌਜ ਦੀਆਂ ਸਮਰੱਥਾਵਾਂ ਦਾ ਪਰੀਖਣ ਕਰਨਾ ਹੈ। ਚੀਨ, ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ, ਹਾਲਾਂਕਿ ਤਾਇਵਾਨ ਖ਼ੁਦ ਨੂੰ ਆਜ਼ਾਦ ਤੌਰ ’ਤੇ ਸ਼ਾਸਿਤ ਮੰਨਦਾ ਹੈ। ਇਹ ਜੰਗੀ ਮਸ਼ਕਾਂ ਅਜਿਹੇ ਸਮੇਂ ਵਿੱਚ ਹੋ ਰਹੀਆਂ ਹਨ ਜਦੋਂ ਅਮਰੀਕਾ ਨੇ ਤਾਇਪੈ ਨੂੰ ਰਿਕਾਰਡ 11.1 ਅਰਬ ਡਾਲਰ ਦਾ ਹਥਿਆਰ ਪੈਕੇਜ ਮਨਜ਼ੂਰ ਕੀਤਾ ਹੈ ਜਿਸ ਦੀ ਚੀਨ ਨੇ ਸਖ਼ਤ ਆਲੋਚਨਾ ਕੀਤੀ ਹੈ। ਚੀਨ ਨੇ ਅਮਰੀਕਾ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਨੇ ਚੀਨ ਦੇ ਤਾਇਵਾਨ ਖੇਤਰ ਨੂੰ ਭਾਰਤੀ ਮਾਤਰਾ ’ਚ ਆਧੁਨਿਕ ਹਥਿਆਰ ਵੇਚਣ ਦੀ ਆਪਣੀ ਯੋਜਨਾ ਦਾ ਖੁੱਲ੍ਹੇਆਮ ਐਲਾਨ ਕੀਤਾ ਹੈ ਅਤੇ ‘ਤਾਇਵਾਨ ਦੀ ਆਜ਼ਾਦੀ’ ਲਈ ਸੰਘਰਸ਼ ਕਰ ਰਹੀਆਂ ਵੱਖਵਾਦੀ ਤਾਕਤਾਂ ਨੂੰ ਇਕ ਬੇਹੱਦ ਗਲਤ ਸੁਨੇਹਾ ਭੇਜਿਆ ਹੈ। ਤਾਇਵਾਨ ਵੱਲੋਂ ਸਾਂਝੀਆਂ ਮਸ਼ਕਾਂ ਦੀ ਨੁਕਤਾਚੀਨੀ
ਤਾਇਪੈ: ਤਾਇਵਾਨ ਨੇ ਦੀਪ ਦੇ ਆਸ-ਪਾਸ ਚੀਨ ਦੀਆਂ ਸਾਂਝੀਆਂ ਮਸ਼ਕਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਕੌਮਾਂਤਰੀ ਨੇਮਾਂ ਦੀ ਉਲੰਘਣਾ ਅਤੇ ਗੁਆਂਢੀ ਮੁਲਕਾਂ ਨੂੰ ਧਮਕਾਉਣ ਵਾਲੀ ਕਾਰਵਾਈ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ‘ਐਕਸ’ ਉੱਤੇ ਲਿਖਿਆ ਕਿ ਜਵਾਬੀ ਮਸ਼ਕਾਂ ਕੀਤੀਆਂ ਜਾ ਰਹੀਆਂ ਅਤੇ ਦੀਪ ਦੀ ਰੱਖਿਆ ਲਈ ਫੌਜਾਂ ਹਾਈ ਅਲਰਟ ’ਤੇ ਹਨ।










