ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਸਕੱਤਰੇਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਕੱਤਰੇਤ ਆਮ ਤੌਰ ’ਤੇ ਸਵੇਰੇ 9.30 ਵਜੇ ਖੁੱਲ੍ਹਦਾ ਹੈ। ਜਥੇਦਾਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਵਿਸ਼ੇਸ਼ ਸਟਾਫ਼ ਦੀ ਤਾਇਨਾਤੀ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਸਵੇਰੇ 11 ਵਜੇ ਦੇ ਕਰੀਬ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚਣ ਦੀ ਸੰਭਾਵਨਾ ਹੈ। ਭਾਵੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਾਮ 4.30 ਵਜੇ ਸਕੱਤਰੇਤ ਪਹੁੰਚਣਾ ਚਾਹੀਦਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਦਿਨ ਲਈ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ ਅਤੇ 15 ਜਨਵਰੀ ਦਾ ਪੂਰਾ ਦਿਨ ਸਪੱਸ਼ਟੀਕਰਨ ਦੇਣ ਅਤੇ ਲਾਪਤਾ ਸਰੂਪਾਂ ਦੀ ਭਾਲ ਦੇ ਸਬੂਤ ਪੇਸ਼ ਕਰਨ ਲਈ ਸਮਰਪਿਤ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਨੇ ਕਿਹਾ ਸੀ ਕਿ ਭਗਵੰਤ ਮਾਨ ਲਈ ਸਮਾਂ ਸਵੇਰ 10 ਵਜੇ ਦੀ ਥਾਂ ਸ਼ਾਮ 4:30 ਵਜੇ ਕੀਤਾ ਗਿਆ ਹੈ ਪਰ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਸੀ, ‘ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਝੇਵਾਂ ਨਹੀਂ, ਮੈਂ ਰਾਸ਼ਟਰਪਤੀ ਦੇ ਦਫ਼ਤਰ ਵਿਖੇ ਵੀ ਸੂਚਨਾ ਦੇ ਦਿੱਤੀ ਹੈ। 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸਮਾਂ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ। ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ।










