ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ 13 ਜਨਵਰੀ ਦੀ ਅੱਧੀ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇੱਥੇ ਪੰਜਾਬ ਤੇ ਗੁਆਂਢੀ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੰਗਤ ਪੁੱਜੀ ਹੋਈ ਹੈ। ਸੰਗਤ ਪਵਿੱਤਰ ਸਰੋਵਰ ’ਚ ਇਸ਼ਨਾਨ ਤੋਂ ਬਾਅਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਤੰਬੂ ਸਾਹਿਬ, ਮਾਈ ਭਾਗੋ ਅਤੇ ਸ਼ਹੀਦ ਗੰਜ ਸਾਹਿਬ ਵਿੱਚ ਨਤਮਸਤਕ ਹੋਈ। ਇਸ ਦੌਰਾਨ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਢਾਡੀ ਦਰਬਾਰ ਚੱਲਦਾ ਰਿਹਾ। ਇਸ ਦੇ ਨਾਲ ਹੀ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਦਰਬਾਰ ਸਾਹਿਬ ਕਮੇਟੀ ਨੇ ਠੰਢ ਦੇ ਮੱਦੇਨਜ਼ਰ ਪਰਿਕਰਮਾ ’ਚ ਮੈਟ ਵਿਛਾਏ ਹੋਏ ਸਨ ਅਤੇ ਸੰਗਤ ਨੂੰ ਰਜਾਈਆਂ ਦਿੱਤੀਆਂ ਗਈਆਂ। ਥਾਂ-ਥਾਂ ਚਾਹ ਅਤੇ ਪਕੌੜਿਆਂ ਦੇ ਲੰਗਰ ਵੀ ਚੱਲ ਰਹੇ ਸਨ। ਇਸੇ ਤਰ੍ਹਾਂ ਗੁਰਦੁਆਰਾ ਟਿੱਬੀ ਸਾਹਿਬ ਦੇ ਸਰੋਵਰ ਵਿੱਚ ਵੀ ਸੰਗਤ ਨੇ ਇਸ਼ਨਾਨ ਕੀਤਾ।
ਇਸੇ ਦੌਰਾਨ ਨਿਹੰਗ ਸਿੰਘਾਂ ਨੇ ਦਰਜਨ ਛਾਉਣੀਆਂ ’ਚ ਟਿਕਾਣੇ ਕੀਤੇ ਹੋਏ ਹਨ। ਬੁੱਢਾ ਦਲ, ਤਰਨਾ ਦਲ, ਬਾਬਾ ਬਿਧੀ ਚੰਦ, ਬਾਬਾ ਹਰੀਆ ਵੇਲਾਂ ਵਾਲੇ, ਭਿੱਖੀਵਿੰਡ ਸਣੇ ਹੋਰ ਦਰਜਨਾਂ ਦਲਾਂ ਦੇ ਨਿਹੰਗ ਸਿੰਘ ਇੱਥੇ ਪਹੁੰਚੇ ਹੋਏ ਹਨ। ਨਿਹੰਗ ਛਾਉਣੀਆਂ ’ਚ ਦਸਮ ਗ੍ਰੰਥ ਦੇ ਅਖੰਡ ਪਾਠ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੇ ਭੋਗ ਭਲਕੇ ਪਾਏ ਜਾਣਗੇ। ਨਿਹੰਗ ਅਵਤਾਰ ਸਿੰਘ ਨੇ ਦੱਸਿਆ ਕਿ ਆਦਿ ਬਾਣੀ ਮਨ ਨੂੰ ਕਾਬੂ ਕਰਨ ਵਾਸਤੇ ਅਤੇ ਦਸਮ ਬਾਣੀ ਜੋਸ਼ ਪੈਦਾ ਕਰਨ ਵਾਸਤੇ ਰਚੀ ਗਈ ਹੈ। 15 ਜਨਵਰੀ ਨੂੰ ਨਿਹੰਗ ਸਿੰਘ ਹੋਲਾ ਮੁਹੱਲਾ ਵਿੱਚ ਸ਼ਾਮਲ ਹੋ ਕੇ ਗਤਕੇ ਤੇ ਘੋੜ ਸਵਾਰੀ ਦੇ ਕਰਤੱਬ ਦਿਖਾਉਣਗੇ। ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਠੰਢ ਦੇ ਬਾਵਜੂਦ ਸੰਗਤ ਲਗਾਤਾਰ ਪੁੱਜ ਰਹੀ ਹੈ। ਕਮੇਟੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ 15 ਵਾਧੂ ਕਾਊਂਟਰ ਅਤੇ 300 ਸੇਵਾਦਾਰ ਲਾਏ ਗਏ ਹਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਅਖੰਡ ਪਾਠ ਦਾ ਭੋਗ ਪਾਇਆ। 15 ਜਨਵਰੀ ਨੂੰ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਹੁੰਦਾ ਹੋਇਆ ਵਾਪਸ ਦਰਬਾਰ ਸਾਹਿਬ ਪੁੱਜੇਗਾ।










