ਇਰਾਨ ’ਚ ਹਕੂਮਤ ਖ਼ਿਲਾਫ਼ ਪ੍ਰਦਰਸ਼ਨਾਂ ਮਗਰੋਂ ਹਾਲਾਤ ਗੰਭੀਰ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ’ਚ ਮੌਤਾਂ ਦਾ ਅੰਕੜਾ 2600 ਤੋਂ ਪਾਰ ਹੋ ਗਿਆ ਹੈ। ਇਜ਼ਰਾਈਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਚ ਕਾਰਵਾਈ ਦਾ ਫ਼ੈਸਲਾ ਕਰ ਲਿਆ ਹੈ ਪਰ ਇਹ ਕਦੋਂ ਅਤੇ ਕਿੰਨੀ ਕੁ ਸਖ਼ਤ ਹੋਵੇਗੀ, ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਉਧਰ, ਇਰਾਨ ਨੇ ਮੱਧ ਪੂਰਬ ’ਚ ਅਮਰੀਕੀ ਭਾਈਵਾਲਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਵਾਸ਼ਿੰਗਟਨ ਨੇ ਹਮਲਾ ਕੀਤਾ ਤਾਂ ਅਮਰੀਕੀ ਅੱਡਿਆਂ ’ਤੇ ਹਮਲੇ ਕੀਤੇ ਜਾਣਗੇ। ਉਂਜ, ਇਰਾਨ ਵੱਲੋਂ ਤੁਰਕੀ, ਯੂ ਏ ਈ ਅਤੇ ਕਤਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਤਣਾਅ ਦਰਮਿਆਨ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਅਤੇ ਅਮਰੀਕੀ ਵਿਸ਼ੇਸ਼ ਸਫ਼ੀਰ ਸਟੀਵ ਵਿਟਕੌਫ ਵਿਚਕਾਰ ਹੋਣ ਵਾਲੀ ਵਾਰਤਾ ਰੱਦ ਹੋ ਗਈ ਹੈ। ਟਰੰਪ ਨੇ ਮੰਗਲਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਜੇ ਇਰਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਫਾਹੇ ਟੰਗਣ ਦੀ ਗੁਸਤਾਖੀ ਕੀਤੀ ਤਾਂ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ‘ਸਹਾਇਤਾ ਛੇਤੀ ਪਹੁੰਚਣ’ ਦੀ ਗੱਲ ਆਖਦਿਆਂ ਇਰਾਨੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨ ਜਾਰੀ ਰੱਖਣ ਅਤੇ ਅਦਾਰਿਆਂ ’ਤੇ ਕਬਜ਼ੇ ਕਰ ਲੈਣ।










