ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ ਕਈ ਘੰਟਿਆਂ ਲਈ ਬਾਹਰ ਕੱਢੇ ਜਾਣ ਤੋਂ ਬਾਅਦ ਦਿੱਤਾ ਹੈ।
ਮੰਗਲਵਾਰ ਦੇਰ ਰਾਤ ਕੈਨਬਰਾ ਵਿੱਚ ਸੁਰੱਖਿਆ ਖ਼ਤਰੇ ਕਾਰਨ ਐਂਥਨੀ ਐਲਬਨੀਜ਼ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ, ਜਦੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਤਾਂ ਉਹ ਘਰ ਪਰਤ ਆਏ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਕੋਈ ਖ਼ਤਰਾ ਨਹੀਂ ਹੈ। ਮੈਲਬਰਨ ਵਿੱਚ ਇੱਕ ਸਮਾਗਮ ਦੌਰਾਨ ਐਲਬਨੀਜ਼ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਯਾਦ ਦਿਵਾਉਣ ਵਾਲੀ ਗੱਲ ਹੈ। ਲੋਕਾਂ ਨੂੰ ਕਹੋ ਕਿ ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ। ਅਸੀਂ ਇਨ੍ਹਾਂ ਚੀਜ਼ਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ।’’ਬੰਬ ਦੀ ਧਮਕੀ ਸ਼ੇਨ ਯੂਨ ਦੇ ਪ੍ਰਤੀਨਿਧ ਨੂੰ ਭੇਜੀ ਗਈ ਸੀ। ਸ਼ੇਨ ਯੂਨ ਚੀਨੀ ਕਲਾਸੀਕਲ ਡਾਂਸ ਗਰੁੱਪ ਹੈ, ਜਿਸ ’ਤੇ ਚੀਨ ਵਿੱਚ ਪਾਬੰਦੀ ਹੈ।ਇਹ ਗਰੁੱਪ ਇਸ ਮਹੀਨੇ ਆਸਟਰੇਲੀਆ ਵਿੱਚ ਪੇਸ਼ਕਾਰੀਆਂ ਕਰਨ ਵਾਲਾ ਹੈ। ਗਰੁੱਪ ਦੇ ਸਥਾਨਕ ਪ੍ਰਬੰਧਕਾਂ ਨੂੰ ਭੇਜੀ ਗਈ ਚੀਨੀ ਭਾਸ਼ਾ ਵਾਲੀ ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਂਥਨੀ ਐਲਬਨੀਜ਼ ਦੀ ਰਿਹਾਇਸ਼ ਦੇ ਆਲੇ-ਦੁਆਲੇ ਧਮਾਕਾਖੇਜ਼ ਸਮੱਗਰੀ ਰੱਖੀ ਗਈ ਹੈ। ਧਮਕੀ ਦਿੱਤੀ ਗਈ ਸੀ ਕਿ ਜੇ ਇਸ ਸਮੂਹ ਨੇ ਦੇਸ਼ ’ਚ ਪ੍ਰਦਰਸ਼ਨ ਕੀਤਾ ਤਾਂ ਧਮਾਕਾ ਕਰ ਦਿੱਤਾ ਜਾਵੇਗਾ।










