ਭਾਰਤ ਸਰਕਾਰ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੌਰਾਨ ਅੱਜ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਵਿੱਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਫੈਸਲਾ ਉੱਥੇ ਫਸੇ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਅਤੇ ਜ਼ਰੂਰੀ ਆਵਾਜਾਈ ਨੂੰ ਬਹਾਲ ਕਰਨ ਲਈ ਲਿਆ ਗਿਆ ਹੈ। ਇਨ੍ਹਾਂ 58 ਉਡਾਣਾਂ ਵਿੱਚੋਂ 30 ਉਡਾਣਾਂ ਇੰਡੀਗੋ (IndiGo) ਦੀਆਂ ਅਤੇ 23 ਉਡਾਣਾਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਹੋਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜੰਗ ਕਾਰਨ ਕਈ ਦੇਸ਼ਾਂ ਦੇ ਹਵਾਈ ਰਸਤੇ (Airspace) ਬੰਦ ਹੋਣ ਕਾਰਨ ਹੁਣ ਤੱਕ ਭਾਰਤੀ ਏਅਰਲਾਈਨਜ਼ ਦੀਆਂ 1,221 ਅਤੇ ਵਿਦੇਸ਼ੀ ਕੰਪਨੀਆਂ ਦੀਆਂ 388 ਉਡਾਣਾਂ ਰੱਦ ਹੋ ਚੁੱਕੀਆਂ ਹਨ। ਹਾਲਾਤ ਨੂੰ ਦੇਖਦੇ ਹੋਏ ਹੁਣ ਉਡਾਣਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ ਤਾਂ ਕਿ ਖ਼ਤਰਨਾਕ ਇਲਾਕਿਆਂ ਤੋਂ ਬਚਿਆ ਜਾ ਸਕੇ। ਸਰਕਾਰ ਭਾਰਤੀ ਦੂਤਾਵਾਸਾਂ ਅਤੇ ਵਿਦੇਸ਼ੀ ਹਵਾਬਾਜ਼ੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।










