EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ (67) ਦੀ ਮੌਤ ਹੋ ਗਈ। ਇਰਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਉਨ੍ਹਾਂ ਦਾ ਪੁੱਤਰ ਮੁਰਤਜ਼ਾ ਲਾਰੀਜਾਨੀ ਵੀ ਮਾਰਿਆ ਗਿਆ ਹੈ।
ਪਿਛਲੇ ਮਹੀਨੇ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਰਹਿਬਰ (ਸੁਪਰੀਮ ਲੀਡਰ) ਦੀ ਮੌਤ ਤੋਂ ਬਾਅਦ, ਲਾਰੀਜਾਨੀ ਨੂੰ ਹੀ ਦੇਸ਼ ਦਾ ਅਣ-ਅਧਿਕਾਰਤ ਮੁਖੀ ਮੰਨਿਆ ਜਾ ਰਿਹਾ ਸੀ। ਹਾਲਾਂਕਿ ਸ਼ੀਆ ਧਰਮ ਗੁਰੂ ਨਾ ਹੋਣ ਕਰਕੇ ਉਹ ਰਸਮੀ ਤੌਰ ’ਤੇ ਸਰਵਉੱਚ ਰਹਿਬਰ ਨਹੀਂ ਬਣ ਸਕਦੇ ਸਨ, ਪਰ ਮੰਨਿਆ ਜਾਂਦਾ ਹੈ ਕਿ ਇਰਾਨੀ ਲੀਡਰਸ਼ਿਪ ਦੇ ਰੂਪੋਸ਼ ਹੋਣ ਤੋਂ ਬਾਅਦ ਸਾਰਾ ਸ਼ਾਸਨ ਉਹੀ ਚਲਾ ਰਹੇ ਸਨ। ਉਹ ਪਰਮਾਣੂ ਵਾਰਤਾਵਾਂ ਵਿੱਚ ਸਵਰਗੀ ਆਇਤੁੱਲਾ ਖਮੇਨੇਈ ਦੇ ਮੁੱਖ ਸਲਾਹਕਾਰ ਵੀ ਰਹੇ ਸਨ। ਲਾਰੀਜਾਨੀ ਇਰਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਦੀ ਤੁਲਨਾ ਅਮਰੀਕਾ ਦੇ ‘ਕੇਨੇਡੀ ਪਰਿਵਾਰ6 ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੇ ਇੱਕ ਭਰਾ ਸਾਬਕਾ ਨਿਆਂਪਾਲਿਕਾ ਮੁਖੀ ਅਤੇ ਦੂਜੇ ਭਰਾ ਸੀਨੀਅਰ ਡਿਪਲੋਮੈਟ ਰਹਿ ਚੁੱਕੇ ਹਨ।










