ਪਿਛਲੇ ਸਮੇਂ ਦੇ ਕੂਟਨੀਤਕ ਵਿਵਾਦ ਤੋਂ ਬਾਅਦ ਇੱਕ ਮਹੱਤਵਪੂਰਨ ਮੋੜ ਲੈਂਦਿਆਂ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੇ ਕਮਿਸ਼ਨਰ ਮਾਈਕ ਡੂਹੇਮੇ ਨੇ ਕਿਹਾ ਹੈ ਕਿ ਕੈਨੇਡੀਅਨ ਧਰਤੀ ‘ਤੇ ਗੁਪਤ ਗਤੀਵਿਧੀਆਂ ਜਾਂ ਅੰਤਰਰਾਸ਼ਟਰੀ ਦਮਨ (transnational repression) ਦੇ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਇਸ ਵੇਲੇ ਕੋਈ ਸਬੂਤ ਨਹੀਂ ਹੈ।
ਸੀ ਟੀ ਵੀ ਨਿਊਜ਼ (CTV News) ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਡੂਹੇਮੇ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਦੇ ਅਧਾਰ ‘ਤੇ ਕੈਨੇਡਾ ਵਿੱਚ ਹੁਣ ਅਜਿਹੀਆਂ ਕੋਈ ਗੁਪਤ ਗਤੀਵਿਧੀਆਂ ਜਾਂ ਦਮਨ ਨਹੀਂ ਹੋ ਰਿਹਾ ਜਿਸ ਦਾ ਸਬੰਧ ਭਾਰਤ ਸਰਕਾਰ ਨਾਲ ਹੋਵੇ। ਉਨ੍ਹਾਂ ਸੀ ਟੀ ਵੀ ਦੇ ਪ੍ਰੋਗਰਾਮ ‘ਕੁਐਸਚਨ ਪੀਰੀਅਡ’ ਵਿੱਚ ਹੋਸਟ ਵੈਸੀ ਕਾਪੇਲੋਸ ਨੂੰ ਦੱਸਿਆ,”ਸਾਡੇ ਕੋਲ ਮੌਜੂਦ ਅੰਤਰਰਾਸ਼ਟਰੀ ਦਮਨ ਦੀਆਂ ਫਾਈਲਾਂ ਵਿੱਚ,ਅਪਰਾਧਿਕ ਜਾਣਕਾਰੀ ਅਤੇ ਮੌਜੂਦਾ ਜਾਂਚ ਦੇ ਅਧਾਰ ‘ਤੇ ਸਾਨੂੰ ਇਸ ਵੇਲੇ ਕਿਸੇ ਵਿਦੇਸ਼ੀ ਇਕਾਈ (entity) ਨਾਲ ਕੋਈ ਸਬੰਧ ਨਜ਼ਰ ਨਹੀਂ ਆ ਰਿਹਾ।”










