ਸਾਂ ਫਰਾਂਸਿਸਕੋ ਦੀ ਇੱਕ ਜਿਊਰੀ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਐਲਨ ਮਸਕ ਨੂੰ 2022 ਵਿੱਚ ਟਵਿੱਟਰ ਖਰੀਦਣ ਦੇ ਸੌਦੇ ਦੌਰਾਨ ਨਿਵੇਸ਼ਕਾਂ ਨੂੰ ਜਾਣਬੁੱਝ ਕੇ ਗੁਮਰਾਹ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਮੰਨਿਆ ਕਿ ਮਸਕ ਨੇ ਟਵਿੱਟਰ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਹੇਠਾਂ ਸੁੱਟਣ ਲਈ ਜਾਣਬੁੱਝ ਕੇ ਗਲਤ ਬਿਆਨ ਦਿੱਤੇ ਜਿਸ ਨਾਲ ਹਜ਼ਾਰਾਂ ਨਿਵੇਸ਼ਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ। ਜਿਊਰੀ ਨੇ ਨਿਵੇਸ਼ਕਾਂ ਨੂੰ ਹਰਜਾਨੇ ਵਜੋਂ ਪ੍ਰਤੀ ਸ਼ੇਅਰ 3 ਤੋਂ 8 ਡਾਲਰ ਦੇਣ ਦਾ ਫੈਸਲਾ ਸੁਣਾਇਆ ਹੈ ਜੋ ਕੁੱਲ ਮਿਲਾ ਕੇ ਲਗਪਗ 2.1 ਬਿਲੀਅਨ ਡਾਲਰ (ਕਰੀਬ 210 ਕਰੋੜ ਡਾਲਰ) ਬਣਦਾ ਹੈ। ਹਾਲਾਂਕਿ, ਅਦਾਲਤ ਨੇ ਮਸਕ ਨੂੰ ਧੋਖਾਧੜੀ ਦੇ ਕੁਝ ਦੋਸ਼ਾਂ ਤੋਂ ਇਹ ਕਹਿ ਕੇ ਬਰੀ ਕਰ ਦਿੱਤਾ ਕਿ ਉਸ ਨੇ ਕੋਈ ਪੂਰੀ ਯੋਜਨਾਬੱਧ ਸਾਜ਼ਿਸ਼ ਨਹੀਂ ਘੜੀ ਸੀ। ਇਸ ਸਾਰੇ ਕੇਸ ਦੀ ਜੜ੍ਹ ਮਸਕ ਵੱਲੋਂ ਮਈ 2022 ਵਿੱਚ ਕੀਤੇ ਗਏ ਉਹ ਟਵੀਟ ਸਨ ਜਿਨ੍ਹਾਂ ਵਿੱਚ ਉਸ ਨੇ ਕਿਹਾ ਸੀ ਕਿ ਟਵਿੱਟਰ ਦਾ ਸੌਦਾ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਮਸਕ ਨੇ ਦੋਸ਼ ਲਗਾਇਆ ਸੀ ਕਿ ਟਵਿੱਟਰ ’ਤੇ ਫਰਜ਼ੀ ਅਤੇ ਸਪੈਮ ਖਾਤਿਆਂ (ਬੋਟਸ) ਦੀ ਗਿਣਤੀ ਕੰਪਨੀ ਵੱਲੋਂ ਦੱਸੀ ਗਈ 5 ਫੀਸਦੀ ਦੀ ਸੀਮਾ ਤੋਂ ਕਿਤੇ ਜ਼ਿਆਦਾ ਹੈ। ਮਸਕ ਨੇ ਅਦਾਲਤ ਵਿੱਚ ਗਵਾਹੀ ਦਿੰਦੇ ਹੋਏ ਟਵਿੱਟਰ ਦੇ ਪ੍ਰਬੰਧਕਾਂ ’ਤੇ ਜਾਣਕਾਰੀ ਛੁਪਾਉਣ ਅਤੇ ਝੂਠ ਬੋਲਣ ਦੇ ਦੋਸ਼ ਲਗਾਏ। ਦੂਜੇ ਪਾਸੇ, ਨਿਵੇਸ਼ਕਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮਸਕ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਉਹ ਸੌਦੇ ਦੀ ਕੀਮਤ ਘਟਾ ਸਕਣ ਜਾਂ 44 ਬਿਲੀਅਨ ਡਾਲਰ ਦੇ ਭਾਰੀ ਸੌਦੇ ਤੋਂ ਪਿੱਛੇ ਹਟ ਸਕਣ।
ਇਹ ਕੇਸ ਲਗਪਗ ਤਿੰਨ ਹਫ਼ਤੇ ਚੱਲਿਆ ਜਿਸ ਵਿੱਚ ਟਵਿੱਟਰ ਦੇ ਸਾਬਕਾ ਸੀ.ਈ.ਓ. ਪਰਾਗ ਅਗਰਵਾਲ ਅਤੇ ਸੀ.ਐਫ.ਓ. ਨੈੱਡ ਸੇਗਲ ਸਮੇਤ ਕਈ ਵੱਡੇ ਅਧਿਕਾਰੀਆਂ ਨੇ ਗਵਾਹੀ ਦਿੱਤੀ। ਐਲਨ ਮਸਕ ਖੁਦ ਵੀ ਇੱਕ ਦਿਨ ਤੋਂ ਵੱਧ ਸਮਾਂ ਕਟਹਿਰੇ ਵਿੱਚ ਰਹੇ। ਮਸਕ ਨੇ ਵਾਰ-ਵਾਰ ਕਿਹਾ ਕਿ ਟਵਿੱਟਰ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਗਲਤ ਅੰਕੜੇ ਦਿੱਤੇ ਸਨ ਪਰ ਨਿਵੇਸ਼ਕਾਂ ਦਾ ਕਹਿਣਾ ਸੀ ਕਿ ਮਸਕ ਦੀਆਂ ਗੱਲਾਂ ਕਾਰਨ ਟਵਿੱਟਰ ਦੇ ਸ਼ੇਅਰਾਂ ਦੀ ਕੀਮਤ 40 ਫੀਸਦੀ ਤੱਕ ਡਿੱਗ ਗਈ ਸੀ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਜਿਨ੍ਹਾਂ ਨੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਆਪਣੇ ਸ਼ੇਅਰ ਵੇਚ ਦਿੱਤੇ ਸਨ।
ਫੈਸਲੇ ਤੋਂ ਬਾਅਦ ਨਿਵੇਸ਼ਕਾਂ ਦੇ ਵਕੀਲ ਜੋਸਫ਼ ਕੋਚੈਟ ਨੇ ਕਿਹਾ ਕਿ ਇਹ ਜਿੱਤ ਇੱਕ ਸਪਸ਼ਟ ਸੰਦੇਸ਼ ਹੈ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਅਮੀਰ ਅਤੇ ਤਾਕਤਵਰ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਹੀਂ ਹੈ। ਸਭ ਨੂੰ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਮਸਕ ਦੇ ਵਕੀਲਾਂ ਨੇ ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਸਕ ਨੂੰ ਟੈਸਲਾ ਨਾਲ ਜੁੜੇ ਇੱਕ ਟਵੀਟ ਕੇਸ ਵਿੱਚ ਅਦਾਲਤ ਜਾਣਾ ਪਿਆ ਸੀ, ਪਰ ਉਦੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਵਾਰ ਜਿਊਰੀ ਨੇ ਨਿਵੇਸ਼ਕਾਂ ਦੇ ਹੱਕ ਵਿੱਚ ਫੈਸਲਾ ਸੁਣਾ ਕੇ ਮਸਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ।










