ਪਾਕਿਸਤਾਨ ਨੂੰ 2025 ਵਿੱਚ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਕਰਾਰ ਦਿੱਤਾ ਗਿਆ ਹੈ। ਇੱਥੇ ਪੀ ਐੱਮ 2.5 ਦੇ ਨੁਕਸਾਨਦੇਹ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ) ਦੇ ਤੈਅ ਮਾਪਦੰਡਾਂ ਨਾਲੋਂ 13 ਗੁਣਾ ਜ਼ਿਆਦਾ ਦਰਜ ਕੀਤੀ ਗਈ ਹੈ।
ਸਵਿਸ ਏਅਰ ਕੁਆਲਿਟੀ ਮੌਨੀਟਰਿੰਗ ਫਰਮ ਆਈਕਿਊ ਏਅਰ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਦੱਸਿਆ ਹੈ ਕਿ ਪਿਛਲੇ ਸਾਲ ਸਿਰਫ਼ 13 ਦੇਸ਼ ਅਤੇ ਖੇਤਰ ਹੀ ਡਬਲਿਊ ਐੱਚ ਓ ਦੇ ਮਿਆਰ (5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ) ਨੂੰ ਪੂਰਾ ਕਰ ਸਕੇ ਹਨ, ਜੋ ਕਿ 2024 ਵਿੱਚ ਸਿਰਫ਼ ਸੱਤ ਸਨ। ਰਿਪੋਰਟ ਮੁਤਾਬਕ ਨਿਗਰਾਨੀ ਹੇਠਲੇ ਕੁੱਲ 143 ਗਏ ਮੁਲਕਾਂ ਅਤੇ ਖੇਤਰਾਂ ਵਿੱਚੋਂ 130 ਦੇਸ਼ ਡਬਲਿਊ ਐੱਚ ਓ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖਰੇ ਨਹੀਂ ਉਤਰੇ। ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਬੰਗਲਾਦੇਸ਼ ਦੂਜੇ ਅਤੇ ਤਾਜਿਕਿਸਤਾਨ ਤੀਜੇ ਨੰਬਰ ’ਤੇ ਰਿਹਾ। ਚਾਡ ਜੋ 2024 ਵਿੱਚ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ, 2025 ਵਿੱਚ ਚੌਥੇ ਨੰਬਰ ’ਤੇ ਆ ਗਿਆ; ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੁਧਾਰ ਪ੍ਰਦੂਸ਼ਣ ਘਟਣ ਕਾਰਨ ਨਹੀਂ, ਸਗੋਂ ਡੇਟਾ ਦੀ ਘਾਟ ਕਾਰਨ ਹੋ ਸਕਦਾ ਹੈ। ਪਿਛਲੇ ਮਾਰਚ ਵਿੱਚ ਅਮਰੀਕਾ ਨੇ ਬਜਟ ਦੀ ਘਾਟ ਦਾ ਹਵਾਲਾ ਦਿੰਦਿਆਂ ਹੋਏ ਆਪਣੇ ਦੂਤਘਰਾਂ ਤੋਂ ਇਕੱਤਰ ਕੀਤੇ ਜਾਣ ਵਾਲੇ ਵਿਸ਼ਵਵਿਆਪੀ ਪ੍ਰਦੂਸ਼ਣ ਡੇਟਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸੀ। ਰਿਪੋਰਟ ਦੀ ਮੁੱਖ ਲੇਖਕਾ ਕ੍ਰਿਸਟੀ ਚੈਸਟਰ ਸ਼ਰੋਡਰ ਨੇ ਕਿਹਾ ਕਿ ਮਾਰਚ ਵਿੱਚ ਡੇਟਾ ਗੁੰਮ ਹੋਣ ਕਾਰਨ ਅਜਿਹਾ ਲੱਗਿਆ ਕਿ ਚਾਡ ਵਿੱਚ ਪ੍ਰਦੂਸ਼ਣ ਘਟਿਆ ਹੈ, ਪਰ ਅਸਲ ਵਿੱਚ ਸੱਚਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ।










