ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਵਿੱਚ ਹੁਣ ਯਮਨ ਦੀ ਐਂਟਰੀ ਹੋ ਗਈ ਹੈ। ਹੂਤੀ ਵਿਦਰੋਹੀਆਂ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਹੈ। ਯਮਨ ਤੋਂ ਹੋਏ ਬੈਲਿਸਟਿਕ ਮਿਜ਼ਾਈਲ ਹਮਲੇ ਕਾਰਨ ਦੱਖਣੀ ਇਜ਼ਰਾਈਲ ਦੇ ਬੀਰਸ਼ੇਬਾ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ।’ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ, ਮੌਜੂਦਾ ਜੰਗ ਵਿੱਚ ਈਰਾਨ ਸਮਰਥਿਤ ਹੂਤੀਆਂ ਵੱਲੋਂ ਇਜ਼ਰਾਈਲ ‘ਤੇ ਕੀਤਾ ਗਿਆ ਇਹ ਪਹਿਲਾ ਹਮਲਾ ਹੈ। ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯਮਨ ਤੋਂ ਮਿਜ਼ਾਈਲ ਲਾਂਚ ਦੀ ਪਛਾਣ ਕਰ ਲਈ ਹੈ ਅਤੇ ਇਸ ਖਤਰੇ ਨੂੰ ਰੋਕਣ ਲਈ ਕੰਮ ਕਰ ਰਹੇ ਹਨ।
ਪੂਰੀ ਰਾਤ ਜਾਰੀ ਰਹੇ ਹਮਲੇ
ਇਜ਼ਰਾਈਲੀ ਫੌਜ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਯਮਨ ਨੇ ਇਜ਼ਰਾਈਲ ਵੱਲ ਇੱਕ ਮਿਜ਼ਾਈਲ ਦਾਗੀ ਸੀ। ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ ਬੀਰਸ਼ੇਬਾ ਅਤੇ ਇਜ਼ਰਾਈਲ ਦੇ ਮੁੱਖ ਪ੍ਰਮਾਣੂ ਖੋਜ ਕੇਂਦਰ ਦੇ ਨੇੜਲੇ ਇਲਾਕੇ ਵਿੱਚ ਤੀਜੀ ਵਾਰ ਸਾਇਰਨ ਵੱਜੇ। ਈਰਾਨ ਅਤੇ ਹਿਜ਼ਬੁੱਲਾ ਨੇ ਪੂਰੀ ਰਾਤ ਇਜ਼ਰਾਈਲ ‘ਤੇ ਹਮਲੇ ਜਾਰੀ ਰੱਖੇ।
ਹੂਤੀ ਵਿਦਰੋਹੀਆਂ ਦਾ ਕੀ ਕਹਿਣਾ?
ਇਸ ਤੋਂ ਪਹਿਲਾਂ ਈਰਾਨ ਨਾਲ ਜੁੜੇ ਯਮਨ ਦੇ ਹੂਤੀ ਵਿਦਰੋਹੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਦੂਜੇ ਦੇਸ਼ ਈਰਾਨ ਵਿਰੁੱਧ ਜੰਗ ਵਿੱਚ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦਿੰਦੇ ਹਨ, ਜਾਂ ਫਿਰ ਲਾਲ ਸਾਗਰ (Red Sea) ਦੀ ਵਰਤੋਂ ਇਸਲਾਮਿਕ ਗਣਰਾਜ ‘ਤੇ ਹਮਲੇ ਕਰਨ ਲਈ ਕੀਤੀ ਜਾਂਦੀ ਹੈ, ਤਾਂ ਉਹ ਫੌਜੀ ਦਖਲਅੰਦਾਜ਼ੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।










