ਫ਼ਤਹਿਗੜ੍ਹ ਸਾਹਿਬ, 09 ਸਤੰਬਰ “ਇੰਡੀਆਂ ਦੇ ਹੁਕਮਰਾਨ ਅਤੇ ਵਿਦੇਸ ਵਜੀਰ ਸ੍ਰੀ ਜੈਸੰਕਰ ਅਕਸਰ ਹੀ ਕੁਝ ਸਮੇ ਤੋਂ ਕੌਮਾਂਤਰੀ ਖੁੱਲ੍ਹੇ ਵਪਾਰ ਦੀ ਗੱਲ ਕਰਦੇ ਨਜਰ ਆ ਰਹੇ ਹਨ । ਪਰ ਜਦੋ ਇਸ ਵਿਸੇ ਉਤੇ ਚੀਨ ਨਾਲ ਆਪਣੀਆ ਨੀਤੀਆ ਲਾਗੂ ਕਰਦੇ ਹਨ ਤਾਂ ਉਥੇ ਉਨ੍ਹਾਂ ਨਾਲ ਇਹ ਵਪਾਰ ਖੁੱਲ੍ਹੇ ਰੂਪ ਵਿਚ ਕਰ ਰਹੇ ਹਨ । ਜਦੋਕਿ ਚੀਨ ਵੱਲੋ 1962 ਵਿਚ ਹੋਈ ਜੰਗ ਸਮੇ ਸਾਡੇ ਖਾਲਸਾ ਰਾਜ ਦੇ ਲਦਾਖ ਦੇ 39000 ਸਕੇਅਰ ਵਰਗ ਕਿਲੋਮੀਟਰ ਜ਼ਬਰੀ ਕਬਜਾ ਕਰ ਲਿਆ ਸੀ ਅਤੇ 2020 ਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਹੋਰ ਕਬਜਾ ਕੀਤਾ ਸੀ । ਪਰ ਉਪਰੋਕਤ ਦੋਵੇ ਸਮਿਆ ਤੇ ਚੀਨ ਵੱਲੋ ਕੀਤੇ ਕਬਜੇ ਦੇ ਖੇਤਰਫ਼ਲ ਨੂੰ ਇਹ ਇੰਡੀਅਨ ਹੁਕਮਰਾਨ ਨਾ ਤਾਂ ਵਾਪਸ ਲੈਣ ਦੀ ਕੋਈ ਗੱਲ ਕਰ ਰਹੇ ਹਨ ਨਾ ਹੀ ਇਸ ਵਿਸੇ ਉਤੇ ਸੰਜ਼ੀਦਾ ਹਨ । ਪਰ ਫਿਰ ਵੀ ਉਨ੍ਹਾਂ ਨਾਲ ਖੁੱਲ੍ਹਾ ਵਪਾਰ ਜਾਰੀ ਹੈ । ਦੂਜੇ ਪਾਸੇ ਜਿਸ ਪੰਜਾਬ ਦੀਆਂ ਸਰਹੱਦਾਂ ਨਾਲ ਲੱਗਦੇ ਪਾਕਿਸਤਾਨ ਰਾਹੀ ਪੰਜਾਬੀਆਂ ਦੀਆਂ ਫਸਲਾਂ, ਛੋਟੇ ਵਪਾਰੀਆ ਦੇ ਉਤਪਾਦ, ਮਸੀਨਾਂ ਤੇ ਹੋਰ ਉਪਕਰਨ ਅਰਬ ਮੁਲਕਾਂ, ਰੂਸ ਅਤੇ ਯੂਰਪਿੰਨ ਮੁਲਕਾਂ ਵਿਚ ਸਾਡੀਆਂ ਇਹ ਵਸਤਾਂ ਖੁੱਲ੍ਹੀ ਮੰਡੀ ਰਾਹੀ ਪਹੁੰਚਕੇ ਆਪਣੀ ਸਹੀ ਕੀਮਤ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣ, ਉਸ ਨਾਲ ਅਜਿਹੇ ਵਪਾਰ ਉਤੇ ਪਾਬੰਦੀ ਹੀ ਨਹੀ ਬਲਕਿ ਲੰਮੇ ਸਮੇ ਤੋ ਕਈ ਹਜਾਰ ਕਿਲੋਮੀਟਰ ਲੰਮੀ ਕੰਡਿਆਲੀ ਤਾਰ ਲਗਾਕੇ ਇਸ ਨੂੰ ਬੰਦ ਕੀਤਾ ਹੋਇਆ ਹੈ । ਜਦੋਕਿ ਇਸ ਵਪਾਰ ਨਾਲ ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਬਿਹਤਰ ਬਣਨ ਵਿਚ ਸਹਾਈ ਹੋਣਾ ਹੈ । ਫਿਰ ਇਹ ਕੌਮਾਂਤਰੀ ਵਪਾਰ ਸੰਬੰਧੀ ਅਮਲ ਕਰਦੇ ਹੋਏ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹਨ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਰੁਕਾਵਟਾਂ ਕਿਉਂ ਖੜੀਆ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਵੱਲੋ ਚੀਨ ਨਾਲ ਕੀਤੇ ਜਾ ਰਹੇ ਖੁੱਲ੍ਹੇ ਵਪਾਰ ਅਤੇ ਪਾਕਿਸਤਾਨ ਨਾਲ ਲੱਗਦੀਆ ਪੰਜਾਬ ਦੀਆਂ ਸਰਹੱਦਾਂ ਨੂੰ ਨਾ ਖੋਲ੍ਹਕੇ ਸਾਡੀਆ ਵਪਾਰਕ ਵਸਤਾਂ ਦਾ ਵਪਾਰ ਹੋਣ ਤੇ ਲਗਾਈ ਗਈ ਰੋਕ ਉਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੇ ਕਬਜਾ ਕੀਤਾ ਹੋਇਆ ਹੈ, ਉਹ ਸਾਡੇ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਲਦਾਖ ਨੂੰ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ । ਉਸ ਨੂੰ ਵਾਪਸ ਲੈਣ ਲਈ ਅੱਜ ਤੱਕ ਕੋਈ ਉਦਮ ਨਹੀ ਕੀਤਾ ਜਾ ਰਿਹਾ । ਦੂਸਰਾ ਜਦੋ ਅਸੀ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਵਪਾਰ ਲਈ ਖੋਲਣ ਲਈ ਲੰਮੇ ਸਮੇ ਤੋ ਜੋਰਦਾਰ ਮੰਗ ਕਰਦੇ ਆ ਰਹੇ ਹਾਂ, ਜਿਸ ਨਾਲ ਵਪਾਰ ਦੇ ਨਾਲ-ਨਾਲ ਦੋਵਾਂ ਮੁਲਕਾਂ ਦੇ ਸੱਭਿਆਚਾਰ, ਵਿਰਸੇ ਵਿਰਾਸਤ ਅਤੇ ਖਿਆਲਾਤਾਂ ਦਾ ਵੀ ਅਦਾਨ ਪ੍ਰਦਾਨ ਹੋਣ ਵਿਚ ਵੱਡਾ ਯੋਗਦਾਨ ਮਿਲਦਾ ਹੈ ਉਸ ਨੂੰ ਖੋਲ੍ਹਕੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਵਪਾਰ ਤੇ ਆਰਥਿਕਤਾ ਨੂੰ ਬੁੜਾਵਾ ਦੇਣ ਵਿਚ ਕਿਉਂ ਰੁਕਾਵਟ ਖੜ੍ਹੀ ਕੀਤੀ ਜਾ ਰਹੀ ਹੈ ? ਫਿਰ ਸਾਡੇ ਸੈਕੜਿਆ ਦੀ ਗਿਣਤੀ ਵਿਚ ਧਾਰਮਿਕ ਸਥਾਂਨ ਜੋ ਸਿੱਖ ਇਤਿਹਾਸ ਦਾ ਵੱਡਾ ਸੋਮਾ ਹਨ ਜੋ ਇਸ ਸਮੇ ਪਾਕਿਸਤਾਨ ਵਿਚ ਹਨ ਅਤੇ ਜਿਨ੍ਹਾਂ ਦੇ ਦਰਸ਼ਨਾਂ ਲਈ ਹਰ ਸਿੱਖ ਡੂੰਘੀ ਤਾਂਘ ਰੱਖਦਾ ਹੈ, ਉਨ੍ਹਾਂ ਦੀ ਖੁੱਲ੍ਹ ਦੇਣ ਅਤੇ ਦਰਸਨ ਦੀਦਾਰਿਆ ਜਿਸਦੀ ਅਰਦਾਸ ਸਿੱਖ ਦੋਵੇ ਸਮੇ ਕਰਦੇ ਹਨ, ਉਸਦੀ ਪੂਰਤੀ ਕਿਉ ਨਹੀ ਕੀਤੀ ਜਾ ਰਹੀ ? ਇੰਡੀਅਨ ਹੁਕਮਰਾਨਾਂ ਦੀ ਇਹ ਦੋਹਰੀ ਨੀਤੀ ਤੇ ਅਮਲ ਨਿੰਦਣਯੋਗ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਜਿਥੇ ਸਮੁੱਚੇ ਸੰਸਾਰ ਵਿਚ ੱਜ ਖੁੱਲ੍ਹੇ ਵਪਾਰ ਦੀ ਗੱਲ ਹੋ ਰਹੀ ਹੈ, ਤਾਂ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਵਪਾਰ ਲਈ ਖੋਲ੍ਹਕੇ ਦੋਵਾਂ ਪੰਜਾਬ ਦੇ ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾਵੇ ਅਤੇ ਆਪਸੀ ਪਿਆਰ ਮੁਹੱਬਤ ਨੂੰ ਮਜਬੂਤ ਕਰਦੇ ਹੋਏ ਇਸ ਖਿੱਤੇ ਨੂੰ ਜੰਗਾਂ ਯੁੱਧਾਂ ਤੋ ਸਦਾ ਲਈ ਰਹਿਤ ਕੀਤਾ ਜਾਵੇ ।