ਵਾਸ਼ਿੰਗਟਨ : ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ‘ਮੋਸਟ ਵਾਂਟੇਡ’ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਕੌਸ਼ਲ ‘ਤੇ ਅਮਰੀਕਾ ‘ਚ ਹੱਤਿਆ, ਅਗਵਾ ਤੇ ਡਰੱਗ ਤਸਕਰੀ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਤੇ ਐੱਫਬੀਆਈ ਹੁਣ ਭਗਵਾਨਪੁਰੀਆ ਗੈਂਗ ਦੇ ਨੇੜੇ ਪਹੁੰਚ ਰਹੀ ਹੈ। FBI ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਨਾਗਰਿਕ ਕੌਸ਼ਲ ਨੇ ਕਥਿਤ ਤੌਰ ‘ਤੇ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਲਈ ਹਿੰਸਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਸ ਵਿਚ ਅਗਵਾ ਤੇ ਕੁੱਟਮਾਰ ਵਰਗੀਆਂ ਵਾਰਦਾਤਾਂ ਸ਼ਾਮਲ ਹਨ।
ਐਫਬੀਆਈ ਨੇ ਕੀ ਕਿਹਾ?
ਜਾਂਚ ਏਜੰਸੀ ਨੇ ਕਿਹਾ, ‘ਨਿਤੀਸ਼ ਕੌਸ਼ਲ ਨੂੰ ਇਕ ਕੌਮਾਂਤਰੀ ਅਪਰਾਧਿਕ ਸੰਗਠਨ ‘ਚ ਕਥਿਤ ਸ਼ਮੂਲੀਅਤ ਲਈ ਵਾਂਟੇਡ ਐਲਾਨਿਆ ਗਿਆ ਹੈ ਜੋ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰਨ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਾਂ ‘ਚ ਸ਼ਾਮਲ ਹੈ।’
FBI ਦੀ ਲੋਕਾਂ ਨੂੰ ਅਪੀਲ
ਐਫਬੀਆਈ ਨੇ ਕਿਹਾ ਕਿ ਕੌਸ਼ਲ ਨੂੰ ਹਥਿਆਰਬੰਦ, ਖਤਰਨਾਕ ਤੇ ਭੱਜਣ ਦੀ ਫ਼ਿਰਾਕ ‘ਚ ਰਹਿਣ ਵਾਲਾ ਵਿਅਕਤੀ ਮੰਨਿਆ ਜਾਣਾ ਚਾਹੀਦਾ ਹੈ। ਜਾਂਚ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੌਸ਼ਲ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਥਾਨਕ ਐਫਬੀਆਈ ਦਫ਼ਤਰ, ਅਮਰੀਕੀ ਦੂਤਘਰ ਜਾਂ ਕੌਂਸਲੇਟ ਨਾਲ ਸੰਪਰਕ ਕਰਨ।
ਕੀ ਦੋਸ਼ ਲੱਗੇ?
ਏਜੰਸੀ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਭਾਰਤ ਦੇ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਅਤੇ ਹੋਰ ਥਾਵਾਂ ‘ਤੇ ਸਰਗਰਮ ਸੀ। ਐਫਬੀਆਈ ਅਨੁਸਾਰ, ਲਾਸ ਏਂਜਲਸ ‘ਚ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਨੇ 25 ਜੂਨ ਨੂੰ ਕੌਸ਼ਲ ਦੇ ਖਿਲਾਫ ਇਕ ਫੈਟਰਲ ਅਰੈੱਸਟ ਵਾਰੰਟ ਜਾਰੀ ਕੀਤਾ। ਉਸ ਉੱਤੇ ਰੈਕੇਟੀਅਰ ਪ੍ਰਭਾਵਿਤ ਤੇ ਭ੍ਰਿਸ਼ਟ ਸੰਗਠਨਾਂ (RICO) ਤਹਿਤ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।










