ਰਿਆਧ – ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਆਖ਼ਰੀ ਵਾਰ ਜਨਤਕ ਤੌਰ ’ਤੇ ਉਸ ਸਮੇਂ ਦੇਖਿਆ ਗਿਆ ਸੀ, ਜਦੋਂ ਉਹ ਇੱਕ ਰਾਸ਼ਟਰੀ ਖ਼ੂਨਦਾਨ ਮੁਹਿੰਮ ਤਹਿਤ ਖ਼ੂਨਦਾਨ ਕਰ ਰਹੇ ਸਨ। ਇਹ ਘਟਨਾ ਮੰਗਲਵਾਰ ਦੀ ਹੈ। ਹੂਤੀ ਹਮਲਿਆਂ ਦੇ ਵਿਚਕਾਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਸ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਨੂੰ ਸਖ਼ਤ ਸੁਰੱਖਿਆ ਵਾਲੇ ਇੱਕ ਮਹਿਲ ਤੋਂ ਦੂਜੇ ਮਹਿਲ ‘ਚ ਲਿਜਾਇਆ ਜਾ ਰਿਹਾ ਹੈ। 41 ਸਾਲਾ ਕ੍ਰਾਊਨ ਪ੍ਰਿੰਸ ਖ਼ੂਨਦਾਨ ਕਰਨ ਤੋਂ ਬਾਅਦ ਜਨਤਕ ਤੌਰ ’ਤੇ ਨਜ਼ਰ ਨਹੀਂ ਆਏ ਹਨ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਅਨੁਸਾਰ, ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਘੇਰੇ ਅਤੇ ਬੰਕਰਾਂ ਨਾਲ ਲੈਸ ਮਹਿਲਾਂ ਵਿਚਕਾਰ ਲਿਜਾਇਆ ਜਾ ਰਿਹਾ ਹੈ।
ਪ੍ਰਿੰਸ ਦੀ ਸੁਰੱਖਿਆ ਲਈ ਵਿਸ਼ੇਸ਼ ਟੀਮ ਤਾਇਨਾਤ
ਸਾਊਦੀ ਅਰਬ ਅਤੇ ਯਮਨ ਦੇ ਹੂਤੀ ਬਾਗ਼ੀਆਂ ਵਿਚਕਾਰ ਜੰਗ ਤੇਜ਼ ਹੋਣ ਅਤੇ ਸੁਰੱਖਿਆ ਸਬੰਧੀ ਖ਼ਤਰੇ ਵਧਣ ਕਾਰਨ ਕ੍ਰਾਊਨ ਪ੍ਰਿੰਸ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਟੀਮ ਵੀ ਤਾਇਨਾਤ ਕੀਤੀ ਗਈ ਹੈ। ਸ਼ਨੀਵਾਰ ਨੂੰ ਸਾਊਦੀ ਅਰਬ ’ਤੇ ਪਿਛਲੇ ਦਸ ਸਾਲਾਂ ਦੇ ਸਭ ਤੋਂ ਭਿਆਨਕ ਹਮਲਿਆਂ ‘ਚੋਂ ਇੱਕ ਹੋਣ ਦੀ ਖ਼ਬਰ ਸਾਹਮਣੇ ਆਈ। ਰਾਜਧਾਨੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਦੀ ਘੱਟੋ-ਘੱਟ ਇੱਕ ਮਿਜ਼ਾਈਲ ਡਿੱਗੀ। ਇਸ ਹਮਲੇ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 300 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਕਈਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ।










