ਰਿਆਦ : ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ। ਇਸ ਦੌਰਾਨ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਣਾਂ ਦੇ ਸੰਚਾਲਨ ਲਈ ਅੰਸ਼ਕ ਤੌਰ ‘ਤੇ ਮੁੜ ਖੋਲ੍ਹ ਦਿੱਤਾ ਗਿਆ ਹੈ।
ਦਰਅਸਲ, ਯਮਨ ਦੇ ਹੂਤੀ ਬਾਗੀ ਲਗਾਤਾਰ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਰਹੇ ਹਨ। ਐਤਵਾਰ ਨੂੰ ਹੂਤੀ ਸਮੂਹ ਨੇ ਦਾਅਵਾ ਕੀਤਾ ਕਿ ਉਸ ਨੇ ਸਾਊਦੀ ਅਰਬ ‘ਤੇ ਤਿੰਨ ਹਮਲਿਆਂ ਦੌਰਾਨ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਨ੍ਹਾਂ ਵਿੱਚੋਂ ਪਹਿਲਾ ਹਮਲਾ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀਤਾ ਗਿਆ ਸੀ। ਹੂਤੀ ਬਾਗੀਆਂ ਦੇ ਅਨੁਸਾਰ, ਇਹ ਹਮਲਾ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਵਿੱਚ ਸਫਲ ਰਿਹਾ।
ਹੋਰ ਹਮਲਿਆਂ ਵਿੱਚ ਖਮੀਸ ਮੁਸ਼ੈਤ ਸਥਿਤ ਕਿੰਗ ਖਾਲਿਦ ਏਅਰ ਬੇਸ ਅਤੇ ਜਾਜ਼ਾਨ ਵਿੱਚ ਸਾਊਦੀ ਬਾਰਡਰ ਗਾਰਡ ਦੇ ਜਲ ਸੈਨਾ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ, ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਸੋਮਵਾਰ ਤੜਕੇ ਰਿਆਧ ਵੱਲ ਆ ਰਹੀ ਇੱਕ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਿਆਦ ਹਵਾਈ ਅੱਡਾ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਐਤਵਾਰ ਤੋਂ ਟਰਮੀਨਲ 1 ਤੋਂ ਘਰੇਲੂ ਉਡਾਣਾਂ ਅਤੇ ਟਰਮੀਨਲ 2 ਤੋਂ ਰਾਸ਼ਟਰੀ ਹਵਾਈ ਕੰਪਨੀਆਂ ਦੀਆਂ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ। ਇਸ ਤੋਂ ਬਾਅਦ ਰਿਆਦ ਹਵਾਈ ਅੱਡੇ ਨੂੰ ਅੰਸ਼ਕ ਤੌਰ ‘ਤੇ ਖੋਲ੍ਹ ਦਿੱਤਾ ਗਿਆ। ਹਵਾਈ ਅੱਡਾ ਖੁੱਲ੍ਹਦੇ ਹੀ ਹੂਤੀ ਬਾਗੀਆਂ ਨੇ ਇਸ ਨੂੰ ਮੁੜ ਨਿਸ਼ਾਨਾ ਬਣਾਇਆ।
12 ਮਿਜ਼ਾਈਲਾਂ ਤੇ ਦੋ ਡਰੋਨ ਨਸ਼ਟ ਕਰਨ ਦਾ ਦਾਅਵਾ
ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸਾਊਦੀ ਅਰਬ ਵੱਲ ਦਾਗੀਆਂ ਗਈਆਂ ਕੁੱਲ 12 ਮਿਜ਼ਾਈਲਾਂ ਅਤੇ ਦੋ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰਿਆਦ ਖੇਤਰ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਦੋ ਡਰੋਨ ਵੀ ਸ਼ਾਮਲ ਸਨ।
ਹਮਲਿਆਂ ਦੌਰਾਨ ਹੂਤੀ ਫੌਜੀ ਬੁਲਾਰੇ ਨੇ ਰਿਆਧ ਹਵਾਈ ਅੱਡੇ ਨੂੰ ਅਸੁਰੱਖਿਅਤ ਅਤੇ ਫੌਜੀ ਨਿਸ਼ਾਨਾ ਕਰਾਰ ਦਿੰਦਿਆਂ ਦੁਨੀਆ ਭਰ ਦੀਆਂ ਅਤੇ ਸਥਾਨਕ ਹਵਾਈ ਕੰਪਨੀਆਂ ਅਤੇ ਯਾਤਰੀਆਂ ਨੂੰ ਉੱਥੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ।
ਇਹ ਥਾਂ ਹੁਣ ਸੁਰੱਖਿਅਤ ਨਹੀਂ ਹੈ…










