ਅਫ਼ਗਾਨਿਸਤਾਨ ਦੇ ਫੌਜੀ ਅਧਿਕਾਰੀਆਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਪਾਕਿਸਤਾਨੀ ਸਰਹੱਦੀ ਖੇਤਰਾਂ ਵਿੱਚ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਜਾਣਕਾਰੀ ਦਿੱਤੀ ਕਿ ਪਾਕਿਸਤਾਨੀ ਫੌਜ ਦੀਆਂ ਵਾਰ-ਵਾਰ ਦੀਆਂ ਉਕਸਾਵੇ ਵਾਲੀਆਂ ਕਾਰਵਾਈਆਂ ਦੇ ਜਵਾਬ ਵਿੱਚ ਅਫ਼ਗਾਨ ਫੌਜ ਨੇ ਡਿਊਰੰਡ ਲਾਈਨ (ਦੋਵਾਂ ਦੇਸ਼ਾਂ ਦੀ ਸਰਹੱਦ) ਨਾਲ ਲੱਗਦੇ ਪਾਕਿਸਤਾਨੀ ਫੌਜੀ ਅੱਡਿਆਂ ਅਤੇ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਹ ਕਾਰਵਾਈ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਪੂਰਬੀ ਇਲਾਕਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਕੀਤੀ ਗਈ ਹੈ।
ਦੂਜੇ ਪਾਸੇ, ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੌਜ ਅਫ਼ਗਾਨਿਸਤਾਨ ਵੱਲੋਂ ਕੀਤੀ ਗਈ “ਬਿਨਾਂ ਉਕਸਾਵੇ ਦੀ ਗੋਲੀਬਾਰੀ” ਦਾ ਜਵਾਬ ਦੇ ਰਹੀ ਹੈ। ਰਿਪੋਰਟਾਂ ਮੁਤਾਬਕ, ਇਹ ਗੋਲੀਬਾਰੀ ਪਹਿਲਾਂ ਖ਼ੈਬਰ ਜ਼ਿਲ੍ਹੇ ਤੋਂ ਸ਼ੁਰੂ ਹੋਈ ਅਤੇ ਹੌਲੀ-ਹੌਲੀ ਚਾਰ ਹੋਰ ਸਰਹੱਦੀ ਜ਼ਿਲ੍ਹਿਆਂ ਵਿੱਚ ਫੈਲ ਗਈ। ਹਾਲਾਂਕਿ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ।










