ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਸਿਆ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਦਰਮਿਆਨ ਮੁਕਤ ਵਪਾਰ ਸਮਝੌਤਾ (FTA) ਸਿਰੇ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੀਆਂ ਨਜ਼ਰਾਂ ਇਸ ਸਮਝੌਤੇ ’ਤੇ ਟਿਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ (EU) ਦੇ ਸਬੰਧਾਂ ਨੂੰ ਵਿਸ਼ਵ ਭਲਾਈ ਲਈ ਇੱਕ ਅਹਿਮ ਭਾਈਵਾਲੀ ਕਰਾਰ ਦਿੱਤਾ ਹੈ। ਗਲੋਬਲ ਪੱਧਰ ’ਤੇ ਚੱਲ ਰਹੀ ਉਥਲ-ਪੁਥਲ ਦੇ ਦੌਰ ਵਿੱਚ, ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ-ਈਯੂ ਸਹਿਯੋਗ ਵਿਸ਼ਵ ਵਿਵਸਥਾ ਨੂੰ ਲੋੜੀਂਦੀ ਸਥਿਰਤਾ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਅਨੁਸਾਰ, ਇਹ ਸਮਝੌਤਾ ਨਾ ਸਿਰਫ਼ ਆਰਥਿਕ ਪੱਖੋਂ ਅਹਿਮ ਹੈ, ਸਗੋਂ ਇਹ ਸਾਂਝੀ ਖੁਸ਼ਹਾਲੀ ਲਈ ਇੱਕ ਨਵਾਂ ਰੋਡਮੈਪ ਵੀ ਤਿਆਰ ਕਰਦਾ ਹੈ।ਇਸ ਇਤਿਹਾਸਕ ਸਮਝੌਤੇ ਦੇ ਫਾਇਦਿਆਂ ਬਾਰੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਐਫ.ਟੀ.ਏ. (FTA) ਸਮੁੰਦਰੀ ਖੇਤਰ (maritime sector) ਅਤੇ ਸਾਈਬਰ ਸੁਰੱਖਿਆ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਸੋਮਵਾਰ ਦੇ ਦਿਨ ਨੂੰ ਇੱਕ ਇਤਿਹਾਸਕ ਦਿਨ ਦੱਸਿਆ, ਜਦੋਂ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੇ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਹ ਮੌਕਾ ਦੋਵਾਂ ਦੇਸ਼ਾਂ ਦੇ ਡੂੰਘੇ ਹੁੰਦੇ ਰਿਸ਼ਤਿਆਂ ਅਤੇ ਭਵਿੱਖ ਦੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ ਭਾਰਤ ਤੇ ਯੂਰੋਪੀਅਨ ਯੂਨੀਅਨ ਨੇ ਕਰੀਬ ਦੋ ਦਹਾਕੇ ਦੀ ਗੱਲਬਾਤ ਤੋਂ ਬਾਅਦ ਇਕ ਅਹਿਮ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸਮਝੌਤੇ ਤਹਿਤ ਯੂਰਪ ਤੋਂ ਆਉਣ ਵਾਲੀ ਸ਼ਰਾਬ ਤੇ ਲਗਜ਼ਰੀ ਗੱਡੀਆਂ ’ਤੇ ਟੈਕਸ ਜਾਂ ਤਾਂ ਖਤਮ ਕਰ ਦਿੱਤਾ ਜਾਵੇਗਾ ਜਾਂ ਬਹੁਤ ਘੱਟ ਵਸੂਲਿਆ ਜਾਵੇਗਾ ਜਿਸ ਨਾਲ ਵੱਡੀਆਂ ਕਾਰਾਂ ਤੇ ਸ਼ਰਾਬ ਸਸਤੀ ਮਿਲੇਗੀ। ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਕਾਰਾਂ ’ਤੇ ਟੈਕਸ 110 ਫੀਸਦੀ ਤੋਂ ਘੱਟ ਕੇ 10 ਫੀਸਦੀ ਹੋ ਗਿਆ ਹੈ।










