Iran-Israel War: ਇਜ਼ਰਾਈਲ ਨੇ ਅੱਧੀ ਰਾਤ ਨੂੰ ਕੀਤੇ ਹਮਲਿਆਂ ਵਿੱਚ ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਤੇ ਰੈਵੋਲਿਊਸ਼ਨਰੀ ਗਾਰਡਜ਼ ਬਾਸਿਜ ਮਿਲੀਸ਼ੀਆ ਦੇ ਮੁਖੀ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਉੱਧਰ, ਤਹਿਰਾਨ ਨੇ ਤੇਲ ਬਾਜ਼ਾਰ ’ਤੇ ਦਬਾਅ ਬਣਾਉਣ ਦੇ ਇਰਾਦੇ ਨਾਲ ਖਾੜੀ ਵਿਚਲੇ ਆਪਣੇ ਗੁਆਂਢੀਆਂ ਤੇ ਇਜ਼ਰਾਈਲ ’ਤੇ ਨਵੇਂ ਸਿਰਿਓਂ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਹਨ। ਇਸ ਦੌਰਾਨ ਦੁਬਈ ਨੂੰ ਇਰਾਨ ਦੇ ਹਮਲਿਆਂ ਕਰ ਕੇ ਆਪਣਾ ਹਵਾਈ ਖੇਤਰ ਥੋੜ੍ਹੇ ਸਮੇਂ ਲਈ ਬੰਦ ਕਰਨਾ ਪਿਆ। ਆਬੂ ਧਾਬੀ ਉੱਪਰ ਫੁੰਡੀ ਮਿਜ਼ਾਈਲ ਦੇ ਮਲਬੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਬਿਆਨ ’ਚ ਕਿਹਾ ਕਿ ਦੋਵੇਂ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਅਤੇ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਲੰਘੀ ਰਾਤ ਮਾਰੇ ਗਏ ਹਨ। ਇਰਾਨ ਦੇ ਸਰਕਾਰੀ ਮੀਡੀਆ ਨੇ ਹਾਲਾਂਕਿ ਦੋਵਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ, ਸਿਰਫ ਇੰਨਾ ਹੀ ਕਿਹਾ ਗਿਆ ਕਿ ਲਾਰੀਜਾਨੀ ਦੇ ਦਫ਼ਤਰ ਵੱਲੋਂ ਜਲਦੀ ਕੋਈ ਬਿਆਨ ਦਿੱਤਾ ਜਾਵੇਗਾ। ਇਜ਼ਰਾਈਲ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਇਜ਼ਰਾਇਲੀ ਫੌਜ ਨੇ ਤਹਿਰਾਨ ਤੇ ਲਿਬਨਾਨ ਵਿੱਚ ਇਰਾਨ ਹਮਾਇਤੀ ਹਿਜ਼ਬੁੱਲਾ ਦਹਿਸ਼ਤਗਰਦਾਂ ਖ਼ਿਲਾਫ਼ ਹਮਲੇ ਤੇਜ਼ ਕੀਤੇ ਹਨ। ਲਾਰੀਜਾਨੀ ਇਰਾਨ ਦੇ ਸਭ ਤੋਂ ਮਕਬੂਲ ਸਿਆਸੀ ਪਰਿਵਾਰਾਂ ’ਚੋਂ ਇਕ ਨਾਲ ਸਬੰਧ ਰੱਖਦਾ ਸੀ। ਸਾਬਕਾ ਸੰਸਦੀ ਸਪੀਕਰ ਤੇ ਸੀਨੀਅਰ ਨੀਤੀ ਸਲਾਹਕਾਰ ਲਾਰੀਜਾਨੀ ਨੂੰ ਟਰੰਪ ਪ੍ਰਸ਼ਾਸਨ ਨਾਲ ਪਰਮਾਣੂ ਗੱਲਬਾਤ ਲਈ ਮਰਹੂਮ ਖਮੇਨੇਈ ਦਾ ਰਣਨੀਤਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਸੁਲੇਮਾਨੀ ਬਾਸਿਜ ਮਿਲੀਸ਼ੀਆ ਬਲਾਂ ਦਾ ਮੁਖੀ ਸੀ। ਇਰਾਨ ਵਿੱਚ ਹਾਲੀਆ ਪ੍ਰਦਰਸ਼ਨਾਂ ਨੂੰ ਦਬਾਉਣ ਵਿਚ ਬਾਸਿਜ ਬਲਾਂ ਦੀ ਅਹਿਮ ਭੂਮਿਕਾ ਸੀ। ਇਜ਼ਰਾਈਲ ਨੇ ਇਰਾਨ ਵੱਲੋਂ ਵੱਡੇ ਤੜਕੇ ਤਲ ਅਵੀਵ ਤੇ ਹੋਰਨਾਂ ਟਿਕਾਣਿਆਂ ਵੱਲ ਦੋ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲਾ ਨੇ ਵੀ ਇਜ਼ਰਾਈਲ ਦੇ ਉੱਤਰ ਨੂੰ ਨਿਸ਼ਾਨਾ ਬਣਾਇਆ ਹੈ।










