Pakistan declares ‘open war’: ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਸਰਹੱਦੀ ਝੜਪਾਂ ਸ਼ੁੱਕਰਵਾਰ ਨੂੰ ਤੇਜ਼ੀ ਨਾਲ ਵਧ ਗਈਆਂ ਹਨ। ਪਾਕਿਸਤਾਨ ਨੇ ਕਾਬੁਲ, ਕੰਧਾਰ ਅਤੇ ਪਕਤੀਆ ਦੇ ਹਿੱਸਿਆਂ ਵਿੱਚ ਹਵਾਈ ਹਮਲੇ ਕਰਨ ਤੋਂ ਬਾਅਦ ਅਫਗਾਨਿਸਤਾਨ ਵਿਰੁੱਧ ‘ਖੁੱਲ੍ਹੀ ਜੰਗ’ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਕ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸਲਾਮਾਬਾਦ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਤੇ ਉਨ੍ਹਾਂ ਨੇ ਤਾਲਿਬਾਨ ਸਰਕਾਰ ‘ਤੇ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ।
ਉਨ੍ਹਾਂ ਲਿਖਿਆ ਕਿ ਨਾਟੋ ਫੌਜਾਂ ਦੀ ਵਾਪਸੀ ਤੋਂ ਬਾਅਦ ਉਮੀਦ ਸੀ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਹੋਵੇਗੀ, ਪਰ ਉਨ੍ਹਾਂ ਨੇ ਦੁਨੀਆ ਭਰ ਦੇ ਅਤਿਵਾਦੀਆਂ ਨੂੰ ਇਕੱਠਾ ਕਰਕੇ ਅਤਿਵਾਦ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਲੋਕਾਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਹੈ। ਆਸਿਫ ਨੇ ਅੱਗੇ ਕਿਹਾ, “ਹੁਣ ਸਾਡੇ ਅਤੇ ਤੁਹਾਡੇ ਵਿਚਕਾਰ ਖੁੱਲ੍ਹੀ ਜੰਗ ਹੈ। ਹੁਣ ‘ਦਮਾ ਦਮ ਮਸਤ ਕਲੰਦਰ’ ਹੋਵੇਗਾ।”ਦੂਜੇ ਪਾਸੇ ਅਫਗਾਨਿਸਤਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਪਾਕਿਸਤਾਨੀ ਫੌਜ ਦੀ ਇਸ ਕਾਰਵਾਈ ਨੂੰ ਬੁਜ਼ਦਿਲਾਨਾ ਕਰਾਰ ਦਿੱਤਾ ਅਤੇ ਕਿਹਾ ਕਿ ਕਾਬੁਲ, ਕੰਧਾਰ ਅਤੇ ਪਕਤੀਆ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਹ ਤਣਾਅ ਡਿਊਰੰਡ ਲਾਈਨ ਦੇ ਨਾਲ ਸਰਹੱਦੀ ਸੁਰੱਖਿਆ ਨੂੰ ਲੈ ਕੇ ਵਧਿਆ ਹੈ।ਅਫਗਾਨਿਸਤਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਡਿਊਰੰਡ ਲਾਈਨ ‘ਤੇ ਕੀਤੀ ਗਈ ਜਵਾਬੀ ਕਾਰਵਾਈ ਵਿੱਚ 55 ਪਾਕਿਸਤਾਨੀ ਫੌਜੀ ਮਾਰੇ ਗਏ ਹਨ ਅਤੇ ਦੋ ਬੇਸ ਤੇ 19 ਚੌਕੀਆਂ ’ਤੇ ਕਬਜ਼ਾ ਕਰ ਲਿਆ ਗਿਆ ਹੈ। ਜਵਾਬ ਵਿੱਚ ਪਾਕਿਸਤਾਨ ਨੇ ਅਫਗਾਨ ਤਾਲਿਬਾਨ ਸ਼ਾਸਨ ਨੂੰ ਨਿਸ਼ਾਨਾ ਬਣਾਉਣ ਲਈ ‘ਗਜ਼ਬ ਲਿਲ ਹੱਕ’ ਅਪਰੇਸ਼ਨ ਸ਼ੁਰੂ ਕੀਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬੁਲਾਰੇ ਮੋਸ਼ਾਰਫ ਜ਼ੈਦੀ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ 133 ਅਫਗਾਨ ਤਾਲਿਬਾਨ ਲੜਾਕੂ ਮਾਰੇ ਗਏ ਹਨ ਅਤੇ 200 ਤੋਂ ਵੱਧ ਜ਼ਖਮੀ ਹੋਏ ਹਨ, ਜਦਕਿ 27 ਤਾਲਿਬਾਨ ਚੌਕੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।










