PM Modi Visit Israel: ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਜ਼ਰਾਈਲ ਫੇਰੀ ਦੌਰਾਨ ਉੱਥੋਂ ਦੀ ਸੰਸਦ ‘ਕਨੇਸੈੱਟ’ (Knesset) ਨੂੰ ਸੰਬੋਧਨ ਕਰਦਿਆਂ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਦਾ ਜ਼ਿਕਰ ਕਰਨਗੇ ਅਤੇ ਉੱਥੋਂ ਦੇ ਲੋਕਾਂ ਲਈ ਇਨਸਾਫ਼ ਦੀ ਮੰਗ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦੇ ਦੋ ਦਿਨਾਂ ਇਜ਼ਰਾਈਲ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਭਾਰਤ ਦਾ ਇਤਿਹਾਸ ਹਮੇਸ਼ਾ ਸੱਚ, ਸ਼ਾਂਤੀ ਅਤੇ ਇਨਸਾਫ਼ ਦੇ ਨਾਲ ਖੜ੍ਹਨ ਦਾ ਰਿਹਾ ਹੈ ਅਤੇ ਸਾਨੂੰ ਵਿਸ਼ਵ ਪੱਧਰ ’ਤੇ ਇਹ ਰੌਸ਼ਨੀ ਦਿਖਾਉਣਾ ਜਾਰੀ ਰੱਖਣਾ ਚਾਹੀਦਾ ਹੈ।ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ’ਤੇ ਫਲਸਤੀਨੀਆਂ ਦਾ ਸਾਥ ਛੱਡਣ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਗਾਜ਼ਾ ਵਿੱਚ ਨਿਰਦੋਸ਼ ਨਾਗਰਿਕਾਂ ’ਤੇ ਬੇਰਹਿਮੀ ਨਾਲ ਹਮਲੇ ਜਾਰੀ ਹਨ, ਉੱਥੇ ਹੀ ਪ੍ਰਧਾਨ ਮੰਤਰੀ ਦੀ ਇਹ ਫੇਰੀ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਫਲਸਤੀਨੀਆਂ ਦੇ ਹੱਕ ਵਿੱਚ ਸਿਰਫ਼ ਦਿਖਾਵੇ ਦੇ ਬਿਆਨ ਦਿੰਦੀ ਹੈ, ਜਦੋਂਕਿ ਅਸਲ ਵਿੱਚ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਦੁਵੱਲੇ ਰੱਖਿਆ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ।










