Punjab Weather Update: ਚੰਡੀਗੜ੍ਹ- ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਦਰਜ ਕੀਤਾ ਜਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਠੰਢ ਨਾਲ ਨਜਿੱਠਣਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਗਾਮੀ ਕੁੱਝ ਦਿਨਾਂ ਤੱਕ ਠੰਢ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ।
ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 1.7 ਡਿਗਰੀ ਘੱਟ ਹੈ। ਇਹ ਤਾਪਮਾਨ ਆਮ ਨਾਲੋਂ ਲਗਭਗ 3.6 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਏਅਰਪੋਰਟ ਇਲਾਕੇ ਵਿੱਚ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਰਿਹਾ। ਸਵੇਰੇ ਅਤੇ ਸ਼ਾਮ ਚੱਲਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਕਰ ਦਿੱਤਾ ਹੈ।
ਪੰਜਾਬ ਭਰ ਵਿੱਚ ਵੀ ਠੰਢ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਪਹਿਲਾਂ ਨਾਲੋਂ ਤਾਪਮਾਨ ਵਿੱਚ1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਬਠਿੰਡਾ ਰਿਹਾ ਹੈ, ਜਿੱਥੇ ਤਾਪਮਾਨ ਸਿਰਫ਼ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.4 ਡਿਗਰੀ ਘੱਟ ਹੈ। ਅੰਮ੍ਰਿਤਸਰ ਵਿੱਚ 1.1, ਫਰੀਦਕੋਟ ਵਿੱਚ 1.8, ਗੁਰਦਾਸਪੁਰ ਵਿੱਚ 2.0, ਲੁਧਿਆਣਾ ਵਿੱਚ 4.2 ਅਤੇ ਪਟਿਆਲਾ ਵਿੱਚ 4.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਸਮੁੱਚੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਕਰੀਬ 2.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ।










