ਦੱਖਣੀ ਅਫ਼ਰੀਕੀ ਦੇ ਜੌਹਾਨਸਬਰਗ ਦੇ ਦੱਖਣ ਵਿੱਚ ਇੱਕ ਮਿੰਨੀ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ 13 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਦੱਖਣੀ ਅਫ਼ਰੀਕੀ ਪ੍ਰਸਾਰਣ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਦਯੋਗਿਕ ਸ਼ਹਿਰ ਵੈਂਡਰਬਿਜਲਪਾਰਕ ਵਿੱਚ ਵਾਪਰੀ। ਇਸ ਹਾਦਸੇ ਵਿਚ ਪੰਜ ਹੋਰ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਵਿਚ ਸੜਕ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ। ਸਰਕਾਰ ਦੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ 11,418 ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ ਜੋ 2024 ਦੀ ਗਿਣਤੀ ਨਾਲੋਂ 6% ਘੱਟ ਹੈ।
ਆਵਾਜਾਈ ਮੰਤਰਾਲੇ ਦਾ ਕਹਿਣਾ ਹੈ ਕਿ ਸੜਕ ਹਾਦਸੇ ਤੇਜ਼ ਰਫ਼ਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਜ਼ਿਆਦਾ ਹੁੰਦੇ ਹਨ।
ਪਿਛਲੇ ਹਫ਼ਤੇ ਆਵਾਜਾਈ ਮੰਤਰੀ ਬਾਰਬਰਾ ਕ੍ਰੀਸੀ ਨੇ ਕਿਹਾ ਸੀ ਕਿ ਇਨ੍ਹਾਂ ਹਾਦਸਿਆਂ ਨੂੰ ਦੇਖਦਿਆਂ ਗੱਡੀ ਚਲਾਉਂਦੇ ਸਮੇਂ ਮੌਜੂਦਾ ਕਾਨੂੰਨੀ ਸ਼ਰਾਬ ਦੀ ਸੀਮਾ ਨੂੰ ਖਤਮ ਕਰਨ ਲਈ ਨਿਯਮ ਬਦਲਣ ਦਾ ਸਮਾਂ ਆ ਗਿਆ ਹੈ।










