Stock Market: ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ, ਭਾਰਤੀ ਨਿਰਯਾਤ ‘ਤੇ ਅਮਰੀਕੀ ਟੈਰਿਫ ਵਧਣ ਦੀਆਂ ਚਿੰਤਾਵਾਂ ਅਤੇ ਭੂ-ਰਾਜਨੀਤਿਕ ਹਾਲਾਤਾਂ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ ਐਸ ਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 455.35 ਅੰਕ ਡਿੱਗ ਕੇ 83,120.89 ‘ਤੇ ਆ ਗਿਆ, ਜਦਕਿ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 135.35 ਅੰਕ ਟੁੱਟ ਕੇ 25,547.95 ’ਤੇ ਰਿਹਾ। ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ ਵਿੱਚੋਂ ਭਾਰਤ ਇਲੈਕਟ੍ਰੋਨਿਕਸ, ਲਾਰਸਨ ਐਂਡ ਟੂਬਰੋ, ਇਟਰਨਲ, ਪਾਵਰ ਗਰਿੱਡ, ਅਡਾਨੀ ਪੋਰਟਸ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਾਈਨਾਂਸ ਸਭ ਤੋਂ ਵੱਧ ਘਾਟੇ ਵਿੱਚ ਰਹੇ, ਹਾਲਾਂਕਿ ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਐਕਸਿਸ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿੱਚ ਵਾਧਾ ਦੇਖਿਆ ਗਿਆ।










