ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ। ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਵਿੱਚ ਟਰੰਪ ਨੇ ਚੇਤਾਵਨੀ ਦਿੱਤੀ ਕਿ ਅਗਲਾ ਨਿਸ਼ਾਨਾ ਉੱਥੋਂ ਦਾ ਤੇਲ ਬੁਨਿਆਦੀ ਢਾਂਚਾ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਫਾਰਸ ਦੀ ਖਾੜੀ ਵਿੱਚ ਸਥਿਤ ਇਹ ਛੋਟਾ ਜਿਹਾ ਟਾਪੂ ਇਰਾਨ ਦੇ ਤੇਲ ਨਿਰਯਾਤ ਦਾ ਮੁੱਖ ਕੇਂਦਰ ਹੈ, ਜਿੱਥੋਂ ਦੇਸ਼ ਦਾ ਜ਼ਿਆਦਾਤਰ ਤੇਲ ਬਾਹਰ ਭੇਜਿਆ ਜਾਂਦਾ ਹੈ। ਇਹ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਫਲੋਰੀਡਾ ਜਾਣ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਏਅਰ ਫੋਰਸ ਵਨ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤਾਂ ਦਿੱਤੇ, ਪਰ ਉੱਥੇ ਇਸ ਫੌਜੀ ਕਾਰਵਾਈ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਕਾਰਵਾਈ ਤੋਂ ਬਾਅਦ ਖੇਤਰ ਵਿੱਚ ਤਣਾਅ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਖਰਗ ਟਾਪੂ ਇਰਾਨ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।










