ਉੱਤਰੀ ਅਤੇ ਦੱਖਣੀ ਗਾਜ਼ਾ ਪੱਟੀ ਵਿੱਚ ਅੱਜ ਹੋਏ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਨੌਂ ਫ਼ਲਸਤੀਨੀ ਹਲਾਕ ਹੋ ਗਏ। ਇਜ਼ਰਾਇਲੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਹਮਾਸ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਜਵਾਬ ਦੱਸਿਆ ਹੈ। ਇਹ ਜਾਣਕਾਰੀ ਫ਼ਲਸਤੀਨੀ ਸਿਵਲ ਡਿਫੈਂਸ ਅਤੇ ਸਿਹਤ ਅਧਿਕਾਰੀਆਂ ਨੇ ਦਿੱਤੀ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੇਘਰ ਹੋਏ ਪਰਿਵਾਰਾਂ ਲਈ ਬਣਾਏ ਟੈਂਟ ’ਤੇ ਹੋਏ ਹਮਲੇ ਵਿੱਚ ਚਾਰ ਲੋਕ ਮਾਰੇ ਗਏ। ਦੱਖਣੀ ਗਾਜ਼ਾ ਦੇ ਖਾਨ ਯੂਨਿਸ ਇਲਾਕੇ ਵਿੱਚ ਹੋਏ ਇੱਕ ਹੋਰ ਹਮਲੇ ’ਚ ਪੰਜ ਜਣਿਆਂ ਦੀ ਮੌਤ ਹੋ ਗਈ। ਉੱਧਰ, ਇਜ਼ਰਾਇਲੀ ਫੌਜ ਦੇ ਅਧਿਕਾਰੀ ਨੇ ਕਿਹਾ, ‘‘ਬੀਤੇ ਦਿਨ ਬੈਤ ਹਨੂਨ ਖੇਤਰ ਵਿੱਚ ਹਮਾਸ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਆਈ ਡੀ ਐੱਫ ਨੇ ਹਮਲੇ ਸ਼ੁਰੂ ਕੀਤੇ ਹਨ।’’ ਉਨ੍ਹਾਂ ਦੱਸਿਆ ਕਿ ‘ਯੈੱਲੋ ਲਾਈਨ’ ਦੇ ਪੂਰਬ ਵਿੱਚ ਇੱਕ ਸੁਰੰਗ ਵਿੱਚੋਂ ਅਤਿਵਾਦੀ ਬਾਹਰ ਨਿਕਲੇ ਸਨ। ‘ਯੈੱਲੋ ਲਾਈਨ’ ਉਹ ਸਰਹੱਦੀ ਰੇਖਾ ਹੈ ਜੋ ਅਕਤੂਬਰ 2025 ਵਿੱਚ ਹੋਏ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਇਲੀ ਫੌਜ ਅਤੇ ਹਮਾਸ ਦੇ ਕੰਟਰੋਲ ਵਾਲੇ ਇਲਾਕਿਆਂ ਨੂੰ ਵੱਖ ਕਰਨ ਲਈ ਤੈਅ ਕੀਤੀ ਗਈ ਸੀ। ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਦੇ ਹਥਿਆਰਬੰਦ ਲੜਾਕਿਆਂ ਨੇ ਇਸ ਰੇਖਾ ਨੂੰ ਪਾਰ ਕਰ ਕੇ ਫੌਜ ’ਤੇ ਹਮਲੇ ਦੀ ਕੋਸ਼ਿਸ਼ ਕੀਤੀ।









