ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ‘ਚ ਉਨ੍ਹਾਂ ਨੂੰ ਮਰੀਨ ਵਨ ਤੋਂ ਉਤਰਦੇ ਹੋਏ ਦੇਖਿਆ ਗਿਆ। ਹਾਲਾਂਕਿ, ਉਨ੍ਹਾਂ ਦੇ ਅਚਾਨਕ ਵਾਪਸ ਆਉਣ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਹੈ, ਕਿਉਂਕਿ ਉਨ੍ਹਾਂ ਦਾ ਐਤਵਾਰ ਤੱਕ ਕੈਂਪ ਡੇਵਿਡ ‘ਚ ਰਹਿਣ ਦਾ ਪ੍ਰੋਗਰਾਮ ਸੀ।
ਸਮਝੋ ਕਿਉਂ ਮਚੀ ਹੈ ਹਲਚਲ?
ਰਾਸ਼ਟਰਪਤੀ ਟਰੰਪ ਦੀ ਇਹ ਵਾਪਸੀ ਅਜਿਹੇ ਸਮੇਂ ਹੋਈ ਹੈ, ਜਦੋਂ ਅਮਰੀਕੀ ਵਿਦੇਸ਼ ਵਿਭਾਗ ਨੇ ਸ਼ਨੀਵਾਰ ਨੂੰ ਪੱਛਮੀ ਏਸ਼ੀਆ ਨੂੰ ਲੈ ਕੇ ਨਵਾਂ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਉੱਥੇ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਅਤੇ ਸੰਭਾਵਿਤ ਯਾਤਰਾ ਰੁਕਾਵਟਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ।
ਸਾਊਦੀ ਅਰਬ ’ਤੇ ਮਿਜ਼ਾਈਲ ਹਮਲਾ
ਦੂਜੇ ਪਾਸੇ, ਸ਼ਨੀਵਾਰ ਨੂੰ ਹੀ ਸਾਊਦੀ ਅਰਬ ਨੇ ਪੁਸ਼ਟੀ ਕੀਤੀ ਕਿ ਯਮਨ ਦੇ ਹੂਤੀ ਬਾਗੀ ਗਰੁੱਪ ਨੇ ਉਸ ਦੀ ਰਾਜਧਾਨੀ ਰਿਆਦ ਨੂੰ ਬੈਲਿਸਟਿਕ ਮਿਜ਼ਾਈਲ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹੂਤੀ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਊਦੀ ਰਾਜਧਾਨੀ ਰਿਆਦ ਅਤੇ ਯਾਨਬੂ ‘ਚ ਸਥਿਤ ਤੇਲ ਕੰਪਨੀ ਅਰਾਮਕੋ ਦੀਆਂ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਮਿਜ਼ਾਈਲਾਂ ਅਤੇ ਡਰੋਨ ਵਰਤੇ। ਈਰਾਨ ਸਮਰਥਿਤ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਰਿਆਦ ਨੂੰ ਨਿਸ਼ਾਨਾ ਬਣਾਉਣ ਦੀ ਇਹ ਤਾਜ਼ਾ ਘਟਨਾ ਹੈ।
ਯਾਤਰੀਆਂ ਲਈ ਜਾਰੀ ਕੀਤੀ ਚਿਤਾਵਨੀ
ਇਸ ਤੋਂ ਇਲਾਵਾ, ਵਿਦੇਸ਼ ਵਿਭਾਗ ਦੀ ਚਿਤਾਵਨੀ ‘ਚ ਕਿਹਾ ਗਿਆ ਹੈ ਕਿ ਇਹ ਫੌਜੀ ਸੰਘਰਸ਼ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਅਮਰੀਕੀ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ, ਜੋ ਲੋਕ ਪਹਿਲਾਂ ਤੋਂ ਉੱਥੇ ਮੌਜੂਦ ਹਨ, ਉਨ੍ਹਾਂ ਨੂੰ ਹਵਾਈ ਅੱਡਿਆਂ ਅਤੇ ਉਡਾਣਾਂ ਨਾਲ ਜੁੜੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।










