ਬਹੁਜਨ ਸਮਾਜ ਪਾਰਟੀ (ਬਸਪਾ) ਤੇ ਵਾਰਿਸ ਪੰਜਾਬ ਦੇ ਪਾਰਟੀ ਵਿਚਾਲੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਗਜਠੋੜ ਦੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਦੋਵਾਂ ਧਿਰਾਂ ਦੇ ਸੀਨੀਅਰ ਆਗੂਆਂ ਵਿਚਾਲੇ ਮੀਟਿੰਗਾਂ ਚੱਲ ਰਹੀਆਂ ਹਨ। ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਪੰਜਾਬ ’ਚ ਪਾਰਟੀ ਦੇ ਇੱਕੋ ਇਕ ਵਿਧਾਇਕ ਡਾ. ਨਛੱਤਰ ਪਾਲ ਨੇ ਇਸ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਬਸਪਾ ਵੱਲੋ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਲੈਣਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਬਸਪਾ ਨੇ ਅਕਾਲੀ ਦਲ ਨਾਲ ਗਠਜੋੜ ਲਈ ਹੱਥ ਵਧਾਇਆ ਸੀ, ਪਰ ਅਕਾਲੀ ਦਲ ਦੇ ਭਾਜਪਾ ਨਾਲ ਸਮਝੌਤੇ ਦੀਆਂ ਚਰਚਾਵਾਂ ਵਿਚਾਲੇ ਇਹ ਗੱਲ ਟੁੱਟ ਗਈ ਸੀ।
ਸਿਆਸੀ ਮਾਹਰਾਂ ਮੁਤਾਬਕ ਬਸਪਾ ਪੰਜਾਬ ’ਚ ਆਪਣਾ ਆਪਣਾ ਖ਼ੁਰ ਰਿਹਾ ਸਿਆਸੀ ਆਧਾਰ ਬਚਾਉਣ ਦੇ ਨਾਲ-ਨਾਲ ਓਬੀਸੀ ਤੇ ਹੋਰ ਭਾਈਚਾਰਿਆਂ ’ਚ ਵੀ ਆਪਣੀ ਸ਼ਾਖ ਮਜਬੂਤ ਕਰਨ ਲਈ ਸਰਗਰਮ ਹੈ। ਵਾਰਿਸ ਪੰਜਾਬ ਦੇ ਪਾਰਟੀ ਨਾਲ ਗਠਜੋੜ ਵੀ ਇਸੇ ਸਰਗਰਮੀ ਦਾ ਹਿੱਸਾ ਹੈ। ਇਸ ਬਾਰੇ ਪੁੱਛੇ ਜਾਣ ’ਤੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਹੈ ਕਿ ਫਿਲਹਾਲ ਦੋਵਾਂ ਧਿਰਾਂ ਦੇ ਆਗੂਆਂ ਵਿਚਕਾਰ ਗਠਜੋੜ ਬਾਰੇ ਗ਼ੈਰ ਰਸਮੀ ਗੱਲਬਾਤ ਚੱਲ ਰਹੀ ਹੈ ਪਰ ਅੰਤਿਮ ਫੈਸਲਾ ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਲਿਆ ਜਾਵੇਗਾ। ਬਸਪਾ ਦੇ ਇਕਲੌਤੇ ਵਿਧਾਇਕ ਨਛੱਤਰ ਪਾਲ ਨੇ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਗਠਜੋੜ ਬਾਰੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਬੂਥ-ਪੱਧਰ ਦੇ ਵਰਕਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਓਧਰ ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਦਾ ਮੰਨਣਾ ਹੈ ਕਿ ਬਸਪਾ ਕੋਲ ਵੱਡਾ ਦਲਿਤ ਵੋਟ ਬੈਂਕ ਹੈ ਤੇ ਪਾਰਟੀ ਦਾ ਦੁਆਬਾ ਖਿੱਤੇ ’ਚ ਚੰਗਾ ਅਸਰ ਰਸੂਖ ਹੈ। ਜਦਕਿ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਮਾਝੇ ਤੇ ਮਾਲਵੇ ’ਚ ਪਾਰਟੀ ਦਾ ਆਧਾਰ ਮੰਨ ਰਹੇ ਹਨ। ਦੋਵਾਂ ਪਾਰਟੀਆਂ ’ਚ ਗਠਜੋੜ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਜੇਕਰ ਗਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਦੀ ਉਮੀਦ ਹੈ।










