ਦੇਸ਼ ਭਰ ਵਿਚ ਸੋਨੇ ਦੀਆਂ ਕੀਮਤਾਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਹਨ। ਕੌਮੀ ਰਾਜਧਾਨੀ ਵਿੱਚ ਅੱਜ ਸੋਨੇ ਦੀ ਕੀਮਤ 2,650 ਰੁਪਏ ਵਧ ਕੇ 1,40,850 ਪ੍ਰਤੀ 10 ਗ੍ਰਾਮ ਦੇ ਨਵੇਂ ਪੱਧਰ ’ਤੇ ਪੁੱਜ ਗਈ ਹੈ। ਸੋਨੇ ਦੀਆਂ ਕੀਮਤਾਂ ਪਹਿਲਾਂ ਦੀਵਾਲੀ ਦੇ ਨੇੜੇ ਖਾਸੀਆਂ ਵਧੀਆਂ ਸਨ ਪਰ ਉਸ ਤੋਂ ਬਾਅਦ ਸੋਨੇ ਦੀ ਕੀਮਤ ਡਿੱਗਣ ਲੱਗ ਪਈ ਪਰ ਹੁਣ ਸੋਨੇ ਦੀ ਕੀਮਤ ਮੁੜ ਵਧਣ ਲੱਗੀ ਹੈ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਆਲਮੀ ਪੱਧਰ ’ਤੇ ਮਜ਼ਬੂਤ ਰੁਝਾਨਾਂ ਦੌਰਾਨ ਸੋਨੇ ਦੇ ਭਾਅ ’ਚ ਅੱਜ ਲਗਾਤਾਰ ਦੂਜੇ ਦਿਨ ਵਾਧਾ ਹੋਇਆ। ਸੋਨੇ ਦੀ ਕੀਮਤ ਬੀਤੇ ਦਿਨੀਂ 1,38,200 ਪ੍ਰਤੀ ਦਸ ਗਰਾਮ ਸੀ। ਸੋਨੇ ਦਾ ਭਾਅ 31 ਦਸੰਬਰ 2024 ਨੂੰ 78,950 ਰੁਪਏ ਸੀ ਅਤੇ ਇਸ ਸਾਲ ਹੁਣ ਤੱਕ ਘਰੇਲੂ ਮਾਰਕੀਟ ’ਚ ਸੋਨੇ 61,900 ਰੁਪਏ ਵਧ ਚੁੱਕਾ ਹੈ। ਇਸ ਦੌਰਾਨ ਚਾਂਦੀ ਦੀ ਕੀਮਤ ਵੀ ਲਗਾਤਾਰ ਦੂਜੇ ਦਿਨ ਵਧੀ ਹੈ। ਚਾਂਦੀ ਦਾ ਭਾਅ 2,750 ਰੁਪਏ ਦੇ ਵਾਧੇ ਨਾਲ 2,17,250 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਇਸ ਤੋਂ ਪਹਿਲਾਂ ਚਾਂਦੀ ਦਾ ਭਾਅ ’ਚ 10,400 ਰੁਪਏ ਦੇ ਵਾਧੇ ਨਾਲ 2,14,500 ਪ੍ਰਤੀ ਕਿੱਲੋ ’ਤੇ ਬੰਦ ਹੋਇਆ ਸੀ। ਮਾਹਰਾਂ ਅਨੁਸਾਰ ਇਸ ਤੇਜ਼ੀ ਦੇ ਪਿੱਛੇ ਕਈ ਵੱਡੇ ਕਾਰਨ ਹਨ ਜਿਵੇਂ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਅਤੇ ਉੱਥੋਂ ਦੀ ਆਰਥਿਕਤਾ ਵਿੱਚ ਅਨਿਸ਼ਚਿਤਤਾ ਕਾਰਨ ਨਿਵੇਸ਼ਕਾਂ ਦਾ ਭਰੋਸਾ ਸੋਨੇ-ਚਾਂਦੀ ’ਤੇ ਵਧਿਆ ਹੈ, ਦੁਨੀਆ ਭਰ ਵਿੱਚ ਵਧ ਰਹੇ ਜੰਗ ਦੇ ਹਾਲਾਤ ਅਤੇ ਤਣਾਅ ਕਾਰਨ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਂਦੀ ਦੀ ਮਾਈਨਿੰਗ ਵਿੱਚ ਰੁਕਾਵਟਾਂ ਅਤੇ ਘੱਟ ਸਟਾਕ ਕਾਰਨ ਸਪਲਾਈ ਘੱਟ ਰਹੀ ਹੈ, ਜਦੋਂ ਕਿ ਉਦਯੋਗਿਕ ਮੰਗ ਲਗਾਤਾਰ ਵਧ ਰਹੀ ਹੈ। -ਪੀਟੀਆਈ










