ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ ਐੱਨਫੋਰਸਮੈਂਟ ਪ੍ਰਸ਼ਾਸਨ (ਡੀ ਈ ਏ) ਦੇ ਅੰਡਰਕਵਰ ਏਜੰਟ ਕੋਲ ਮੰਨਿਆ ਸੀ ਕਿ ਹਰਦੀਪ ਸਿੰਘ ਨਿੱਝਰ ਵੀ ‘ਨਿਸ਼ਾਨੇ’ ਉੱਤੇ ਸੀ। ਗੁਪਤਾ ਨੇ ਇਹ ਦਾਅਵਾ ਨਿੱਝਰ ਦੀ ਕੈਨੇਡਾ ਵਿੱਚ ਅਣਪਛਾਤੇ ਹਥਿਆਰਬੰਦਾਂ ਵੱਲੋਂ ਹੱਤਿਆ ਤੋਂ ਇਕ ਦਿਨ ਬਾਅਦ ਕੀਤਾ ਸੀ।
ਕੈਨੇਡੀਅਨ ਨਾਗਰਿਕ ਨਿੱਝਰ ਨੂੰ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੀ ਪਾਰਕਿੰਗ ’ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਨਿਆਂ ਵਿਭਾਗ ਨੇ ਕੋਰਟ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਨਿੱਝਰ ਦੇ ਕਤਲ ਤੋਂ ਅਗਲੇ ਦਿਨ 19 ਜੂਨ 2023 ਨੂੰ ਗੁਪਤਾ ਨੇ ਅੰਡਰਕਵਰ ਕੋਲ ਉਪਰੋਕਤ ਗੱਲ ਕਬੂਲੀ ਸੀ। ਨਿਆਂ ਵਿਭਾਗ ਨੇ ਕਿਹਾ ਕਿ ਨਿੱਝਰ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਮੁਖੀ ਪੰਨੂ ਦਾ ਨੇੜਲਾ ਸਾਥੀ ਸੀ।









