ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੂਥ ਸੋਸ਼ਲ’ ‘ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾ ਅਹੁਦਾ “ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ” ਲਿਖਿਆ ਹੋਇਆ ਹੈ। ਐਤਵਾਰ ਨੂੰ ਕੀਤੀ ਗਈ ਇਸ ਪੋਸਟ ਵਿੱਚ ਟਰੰਪ ਦੀ ਅਧਿਕਾਰਤ ਤਸਵੀਰ ਦੇ ਨਾਲ “ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਜਨਵਰੀ 2026” ਲਿਖਿਆ ਗਿਆ ਹੈ ਅਤੇ ਇਸ ਵਿੱਚ ਉਨ੍ਹਾਂ ਨੂੰ ਸੰਯੁਕਤ ਰਾਜ ਦੇ 45ਵੇਂ ਅਤੇ 47ਵੇਂ ਰਾਸ਼ਟਰਪਤੀ ਵਜੋਂ ਵੀ ਦਰਸਾਇਆ ਗਿਆ ਹੈ, ਜਿਨ੍ਹਾਂ ਨੇ 20 ਜਨਵਰੀ 2025 ਨੂੰ ਅਹੁਦਾ ਸੰਭਾਲਿਆ ਸੀ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਵੈਨੇਜ਼ੁਏਲਾ ਵਿਰੁੱਧ “ਵੱਡੇ ਪੱਧਰ” ‘ਤੇ ਕਾਰਵਾਈ ਕਰਦਿਆਂ ਦੇਸ਼ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਸਮੇਤ ਨਿਊਯਾਰਕ ਲਿਜਾਇਆ ਗਿਆ ਜਿੱਥੇ ਉਨ੍ਹਾਂ ‘ਤੇ ਨਾਰਕੋ-ਟੈਰਰਿਜ਼ਮ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਉਦੋਂ ਤੱਕ ਵੈਨੇਜ਼ੁਏਲਾ ਦਾ ਪ੍ਰਬੰਧ ਚਲਾਏਗਾ ਜਦੋਂ ਤੱਕ ਇੱਕ ਸੁਰੱਖਿਅਤ ਅਤੇ ਉਚਿਤ ਸੱਤਾ ਤਬਦੀਲੀ ਨਹੀਂ ਹੋ ਜਾਂਦੀ, ਕਿਉਂਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਵਾਗਡੋਰ ਨਹੀਂ ਸੌਂਪ ਸਕਦੇ ਜੋ ਵੈਨੇਜ਼ੁਏਲਾ ਦੇ ਹਿੱਤਾਂ ਦਾ ਧਿਆਨ ਨਾ ਰੱਖਦਾ ਹੋਵੇ। ਹਾਲਾਂਕਿ ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਪਿਛਲੇ ਹਫ਼ਤੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ, ਪਰ ਟਰੰਪ ਨੇ ਕਿਹਾ ਕਿ ਅੰਤਰਿਮ ਅਧਿਕਾਰੀ ਅਮਰੀਕਾ ਨੂੰ 3 ਤੋਂ 5 ਕਰੋੜ ਬੈਰਲ ਤੇਲ ਸੌਂਪਣਗੇ ਜਿਸ ਤੋਂ ਹੋਣ ਵਾਲੀ ਕਮਾਈ ‘ਤੇ ਅਮਰੀਕੀ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਕੰਟਰੋਲ ਹੋਵੇਗਾ ਤਾਂ ਜੋ ਇਸਦੀ ਵਰਤੋਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਫਾਇਦੇ ਲਈ ਕੀਤੀ ਜਾ ਸਕੇ। ਉਨ੍ਹਾਂ ਨੇ ਊਰਜਾ ਸਕੱਤਰ ਕ੍ਰਿਸ ਰਾਈਟ ਨੂੰ ਇਸ ਯੋਜਨਾ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।










