ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਭੂਚਾਲ ਕਾਰਨ ਲੋਕ ਰਾਤ ਭਰ ਦਹਿਸ਼ਤ ‘ਚ ਰਹੇ। ਰਾਤ 10.04 ਵਜੇ ਆਏ 5 ਦੀ ਤੀਬਰਤਾ ਦੇ ਭੂਚਾਲ ਤੋਂ ਬਾਅਦ ਦੋ ਵਾਰ ਫਿਰ ਧਰਤੀ ਹਿੱਲੀ। ਰਾਤ 11.04 ਵਜੇ 2.8 ਅਤੇ 11.52 ਵਜੇ 3 ਤੀਬਰਤਾ ਦਾ ਭੂਚਾਲ ਆਇਆ। ਤਿੰਨਾਂ ਦਾ ਕੇਂਦਰ ਚੰਬਾ ਜ਼ਿਲ੍ਹੇ ‘ਚ ਹੀ ਰਿਹਾ। ਇਸ ਕਾਰਨ ਲੋਕ ਰਾਤ ਭਰ ਸੌਂ ਨਹੀਂ ਸਕੇ। ਪਹਿਲਾ ਝਟਕਾ ਕਾਫ਼ੀ ਤੇਜ਼ ਸੀ, ਜਿਸ ਕਾਰਨ ਕਈ ਥਾਵਾਂ ‘ਤੇ ਨੁਕਸਾਨ ਵੀ ਹੋਇਆ ਹੈ। ਜ਼ਿਲ੍ਹਾ ਕਾਂਗੜਾ ਦੇ ਧਰਮਸ਼ਾਲਾ ‘ਚ ਕਈ ਥਾਵਾਂ ‘ਤੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਪਾਲਮਪੁਰ ਦੇ ਸਿਵਲ ਹਸਪਤਾਲ ‘ਚ ਰਾਤ ਨੂੰ ਆਏ ਭੂਚਾਲ ਕਾਰਨ ਪੁਰਾਣੀ ਇਮਾਰਤ ਦੀ ਦੂਜੀ ਮੰਜ਼ਿਲ ਦੀ ਛੱਤ ਨੂੰ ਨੁਕਸਾਨ ਪਹੁੰਚਿਆ। ਖ਼ੁਸ਼ਕਿਸਮਤੀ ਰਹੀ ਕਿ ਮਰੀਜ਼ ਸੁਰੱਖਿਅਤ ਹਨ। ਕਿਸੇ ਵੀ ਮਰੀਜ਼ ਨੂੰ ਕੋਈ ਸੱਟ ਨਹੀਂ ਲੱਗੀ। ਇਸ ਦੌਰਾਨ ਮਰੀਜ਼ਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਕਾਫ਼ੀ ਪੁਰਾਣੀ ਹੈ ਅਤੇ ਇਸ ਨੂੰ ਅਸੁਰੱਖਿਅਤ ਐਲਾਨਿਆ ਹੋਇਆ ਹੈ, ਇਸ ਦੇ ਬਾਵਜੂਦ ਇੱਥੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਸ਼ਾਹਪੁਰ ‘ਚ ਮਕਾਨ ਨੁਕਸਾਨਿਆ
ਦੂਜੇ ਪਾਸੇ, ਸ਼ਾਹਪੁਰ ਵਿਧਾਨ ਸਭਾ ਹਲਕੇ ਦੇ ਮਾਹੜ ‘ਚ ਇਕ ਮਕਾਨ ਨੁਕਸਾਨਿਆ ਗਿਆ। ਸਲੇਟਾਂ ਵਾਲੀ ਛੱਤ ਵਾਲੇ ਮਕਾਨ ਦੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਹੁਣ ਇਹ ਰਹਿਣਯੋਗ ਨਹੀਂ ਰਿਹਾ। ਪੀੜਤ ਜਿਗਰੀ ਰਾਮ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਹੈ।
ਪਹਿਲੇ ਝਟਕੇ ਨਾਲ ਸਹਿਮੇ ਲੋਕ
ਸਭ ਤੋਂ ਪਹਿਲਾਂ ਆਏ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਘਬਰਾ ਕੇ ਘਰਾਂ ਤੇ ਇਮਾਰਤਾਂ ਤੋਂ ਬਾਹਰ ਆ ਗਏ। ਇਹ ਝਟਕੇ ਪੂਰੇ ਸੂਬੇ ‘ਚ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਗੁਆਂਢੀ ਸੂਬੇ ਪੰਜਾਬ ‘ਚ ਵੀ ਕੰਪਨ ਮਹਿਸੂਸ ਕੀਤੀ ਗਈ।
ਦੋ ਦਹਾਕਿਆਂ ਬਾਅਦ ਵੱਡਾ ਝਟਕਾ
ਮਾਹਰਾਂ ਦਾ ਮੰਨਣਾ ਹੈ ਕਿ ਘੱਟ ਡੂੰਘਾਈ ‘ਤੇ ਆਏ ਭੂਚਾਲ ਦਾ ਅਸਰ ਜ਼ਿਆਦਾ ਮਹਿਸੂਸ ਹੁੰਦਾ ਹੈ। ਇਹੀ ਕਾਰਨ ਰਿਹਾ ਕਿ 5.0 ਤੀਬਰਤਾ ਦਾ ਇਹ ਭੂਚਾਲ ਸੂਬੇ ਦੇ ਵੱਡੇ ਹਿੱਸੇ ‘ਚ ਸਾਫ਼ ਤੌਰ ‘ਤੇ ਮਹਿਸੂਸ ਕੀਤਾ ਗਿਆ। ਪਿਛਲੇ ਦੋ ਦਹਾਕਿਆਂ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਜ਼ਿਆਦਾਤਰ ਭੂਚਾਲ ਦੋ ਤੋਂ ਚਾਰ ਰਿਕਟਰ ਸਕੇਲ ਦੇ ਵਿਚਕਾਰ ਦਰਜ ਕੀਤੇ ਗਏ ਹਨ, ਜਦੋਂਕਿ ਸ਼ੁੱਕਰਵਾਰ ਰਾਤ ਦਾ ਝਟਕਾ ਮੁਕਾਬਲਤਨ ਜ਼ਿਆਦਾ ਤੇਜ਼ ਸੀ।










