ਗੁਰਦਾਸਪੁਰ: 15 ਅਗਸਤ ਦਾ ਦਿਹਾੜਾ ਆਉਂਦਿਆਂ ਹੀ 1947 ਦੀ ਵੰਡ ਦੇ ਅੱਲੇ ਜ਼ਖ਼ਮ ਮੁੜ ਤਾਜ਼ਾ ਹੋ ਜਾਂਦੇ ਹਨ। ਵੰਡ ਨੇ ਸਿਰਫ਼ ਦੇਸ਼ ਅਤੇ ਪਰਿਵਾਰ ਹੀ ਨਹੀਂ ਵੰਡੇ, ਸਗੋਂ ਸਿੱਖ ਸੰਗਤ ਨੂੰ ਆਪਣੇ ਇਤਿਹਾਸਕ ਗੁਰਧਾਮਾਂ ਤੋਂ ਵੀ ਵਿਛੋੜ ਦਿੱਤਾ। ਇਨ੍ਹਾਂ ਵਿੱਚ ਸਭ ਤੋਂ ਵੱਡਾ ਦਰਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਹੈ। ਅੱਜ ਵੀ ਨਾਨਕ ਨਾਮ ਲੇਵਾ ਸੰਗਤ ਦੇ ਮਨ ਵਿੱਚ ਇਹ ਟੀਸ ਹੈ ਕਿ ਕਾਸ਼ ਵੰਡ ਵੇਲੇ ਕਰਤਾਰਪੁਰ ਸਾਹਿਬ ਭਾਰਤ ਦੇ ਹਿੱਸੇ ਆ ਜਾਂਦਾ ਤਾਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਵਾਲੇ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਸਰਹੱਦ ਦੀਆਂ ਪਾਬੰਦੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ। 1947 ਵਿੱਚ ਸਰਹੱਦ ਦੀ ਲਕੀਰ ਖਿੱਚੀ ਗਈ ਤਾਂ ਭਾਰਤੀ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਨੇੜੇ ਸਥਿਤ ਚੋਲਾ ਸਾਹਿਬ ਗੁਰਦੁਆਰਾ ਭਾਰਤ ਵਿੱਚ ਰਹਿ ਗਿਆ, ਜਦਕਿ ਰਾਵੀ ਦੇ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਚਲਾ ਗਿਆ। ਇਸ ਨਾਲ ਸਿੱਖ ਸੰਗਤ ਲਈ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਦੋ ਮਹੱਤਵਪੂਰਨ ਅਸਥਾਨਾਂ ਵਿਚਕਾਰ ਸਰਹੱਦ ਖੜ੍ਹੀ ਹੋ ਗਈ। ਦਹਾਕਿਆਂ ਤੱਕ ਸੰਗਤ ਦੂਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਰਹੀ ਅਤੇ ਖੁੱਲ੍ਹੇ ਦਰਸ਼ਨਾਂ ਦੀ ਅਰਦਾਸ ਕਰਦੀ ਰਹੀ। -ਆਜ਼ਾਦੀ ਤੋਂ ਬਾਅਦ ਵੀ 2 ਦਿਨ ਪਾਕਿਸਤਾਨ ਦੇ ਅਧੀਨ ਰਿਹਾ ਗੁਰਦਾਸਪੁਰ–
1947 ਵਿੱਚ ਭਾਰਤ-ਪਾਕਿ ਦੀ ਵੰਡ ਦੌਰਾਨ ਬੇਸ਼ੱਕ ਭਾਰਤ ਨੂੰ 15 ਅਗਸਤ ਵਾਲੇ ਦਿਨ ਆਜਾਦੀ ਮਿਲ ਗਈ ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੋ ਦਿਨ ਨਵੇਂ ਬਣੇ ਦੇਸ਼ ਪਾਕਿਸਤਾਨ ਦਾ ਹਿੱਸਾ ਬਣਿਆ ਰਿਹਾ। ਇਹੋ ਨਹੀਂ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਡੀਸੀ ਅਤੇ ਆਪਣੇ ਐੱਸਪੀ ਨੂੰ ਵੀ ਗੁਰਦਾਸਪੁਰ ਦਾ ਚਾਰਜ ਲੈਣ ਲਈ ਭੇਜ ਦਿੱਤਾ ਗਿਆ ਸੀ। ਹੋਰ ਤਾਂ ਹੋਰ ਭਾਰਤ ਨੂੰ 15 ਅਗਸਤ ਨੂੰ ਆਜ਼ਾਦੀ ਮਿਲਣ ਦੇ ਬਾਵਜੂਦ ਜ਼ਿਲ੍ਹਾ ਗੁਰਦਾਸਪੁਰ ਅੰਦਰ 2 ਦਿਨ ਪਾਕਿਸਤਾਨੀ ਝੰਡਾ ਹੀ ਝੁਲਦਾ ਰਿਹਾ। ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਅਨੁਸਾਰ ਜਿਲ੍ਹਾ ਗੁਰਦਾਸਪੁਰ ਨੂੰ ਲੈ ਕੇ 3-4 ਦਿਨ ਭੰਬਲਭੂਸੇ ਵਾਲੀ ਸਥਿਤੀ ਇਸ ਕਰਕੇ ਬਣੀ ਰਹੀ ਕਿਓਂਕਿ ਭਾਰਤੀ ਪੰਜਾਬ ਦੀ ਵੰਡ ਲਈ ਬਣੇ ਰੇਡਕਲਿਫ ਬਾਊਂਡਰੀ ਕਮਿਸ਼ਨ ਵਲੋਂ ਇਸ ਬਾਰੇ ਸਹੀ ਸਮੇਂ ‘ਤੇ ਕੋਈ ਘੋਸ਼ਣਾ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ 1947 ਵਿਚ ਭਾਰਤ-ਪਾਕਿ ਦੀ ਵੰਡ ਦੌਰਾਨ ਪੰਜਾਬ ਦੀ ਵੰਡ ਲਈ ਰੇਡਕਲਿਫ ਕਮਿਸ਼ਨ ਬਣਾਇਆ ਗਿਆ ਜਿਸਦਾ ਇੰਚਾਰਜ ਸਰ ਸਾਇਰਲ ਰੇਡ ਕਲਿਫ ਨੂੰ ਥਾਪਿਆ ਗਿਆ।ਗੁਰਦਾਸਪੁਰ ਦੇ ਪਾਕਿਸਤਾਨ ਵਿਚ ਜਾਣ ਦੀ ਸੰਭਾਵਨਾ ਦੇ ਚਲਦਿਆਂ ਸ਼ਹਿਰ ਦੇ ਅਮੀਰ ਪਰਿਵਾਰਾਂ ਨੇ ਆਪਣੇ ਬੱਚੇ, ਔਰਤਾਂ ਅਤੇ ਕੀਮਤੀ ਸਾਮਾਨ ਨੂੰ ਦਰਿਆ ਬਿਆਸ ਦੇ ਪਾਰ ਪੈਂਦੇ ਭਾਰਤ ਦੇ ਹਿੱਸੇ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਕਿਓਂਕਿ ਤੈਅ ਨੇਮਾਂ ਅਨੁਸਾਰ ਨਵੀਂ ਬਣੀ ਪਾਕਿਸਤਾਨੀ ਸਰਕਾਰ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਆਪਣੇ ਅਧਿਕਾਰੀ ਭੇਜ ਸਕਦੀ ਸੀ। ਇਸ ਲਈ ਉਸਨੇ 14 ਅਗਸਤ ਹੀ ਆਪਣੇ ਡਿਪਟੀ ਕਮਿਸ਼ਨਰ ਮੁਸ਼ਤਾਕ ਅਹਿਮਦ ਚੀਮਾ ਅਤੇ ਐਸਪੀ ਨੂੰ ਜ਼ਿਲ੍ਹਾ ਗੁਰਦਾਸਪੁਰ ਭੇਜ ਦਿੱਤਾ।










