ਵਾਸ਼ਿੰਗਟਨ – ਅਮਰੀਕਾ ‘ਚ ਇੱਕ ਸਿੱਖ ਟਰੱਕ ਡਰਾਈਵਰ ’ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਓਮਿੰਗ ਸੂਬੇ ਦੇ ਇੱਕ ਰੈਸਟ ਏਰੀਆ ‘ਚ ਇੱਕ ਵਿਅਕਤੀ ਨੇ ਡਰਾਈਵਰ ਦਾ ਵਾਸ਼ਰੂਮ ਤੱਕ ਪਿੱਛਾ ਕੀਤਾ ਅਤੇ ਉਸ ’ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ। ਇਸ ਹਮਲੇ ‘ਚ ਡਰਾਈਵਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਅਤੇ ਇਸ ਸਮੇਂ ਹਸਪਤਾਲ ‘ਚ ਦਾਖ਼ਲ ਹੈ। ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਪੀੜਤ ਨੇ ਆਪਣੀ ਪਛਾਣ ਸਿਰਫ਼ ਉਪਨਾਮ ‘ਸਿੰਘ’ ਦੇ ਰੂਪ ‘ਚ ਦੱਸਣ ਦੀ ਬੇਨਤੀ ਕੀਤੀ ਹੈ।
ਅਮਰੀਕੀ ਨਿਊਜ਼ ਏਜੰਸੀ NPR ਮੁਤਾਬਕ, ਸਿੰਘ ਨੇ ਕਿਹਾ ਕਿ ਉਹ ਇਸ ਹਿੰਸਾ ਕਾਰਨ ਬਹੁਤ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ ’ਤੇ ਹਮਲਾ ਕਿਉਂ ਕੀਤਾ।”
ਉਨ੍ਹਾਂ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ’
ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਇੱਕ ਹਿਸਪੈਨਿਕ ਪਰਿਵਾਰ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਜਾਨ ਬਚਾਈ। ਸਿੰਘ ਨੇ ਕਿਹਾ ਕਿ ਉਸ ਪਰਿਵਾਰ ਨੇ “ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ।”
ਗੰਭੀਰ ਰੂਪ ‘ਚ ਜ਼ਖ਼ਮੀ ਸਿੰਘ ਨੂੰ ਦੇਖ ਕੇ ਪਰਿਵਾਰ ਤੁਰੰਤ ਉਨ੍ਹਾਂ ਦੀ ਮਦਦ ਲਈ ਦੌੜਿਆ। ਉਨ੍ਹਾਂ ਨੇ ਸਿੰਘ ਦੇ ਜ਼ਖ਼ਮਾਂ ਦੀ ਸੰਭਾਲ ਕੀਤੀ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ ਪਹੁੰਚਣ ਤੱਕ ਉਨ੍ਹਾਂ ਦੀ ਦੇਖਭਾਲ ਕੀਤੀ। ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਕੀਤੀ ਗਈ ਤੁਰੰਤ ਮਦਦ ਕਾਰਨ ਹੀ ਉਨ੍ਹਾਂ ਦੇ ਬਚਣ ਦੀ ਉਮੀਦ ਬਣੀ। ਬੁੱਧਵਾਰ ਰਾਤ ਤੱਕ ਸਿੰਘ ਹਸਪਤਾਲ ‘ਚ ਦਾਖ਼ਲ ਸਨ ਅਤੇ ਛਾਤੀ ਤੇ ਪਸਲੀਆਂ ਦੀਆਂ ਸੱਟਾਂ ਸਮੇਤ ਸਰੀਰ ’ਤੇ ਲੱਗੇ ਕਈ ਜ਼ਖ਼ਮਾਂ ਤੋਂ ਉਭਰ ਰਹੇ ਸਨ।
ਮੁਲਜ਼ਮ ਗ੍ਰਿਫ਼ਤਾਰ, ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਅਧਿਕਾਰੀਆਂ ਨੇ ਚਾਕੂਬਾਜ਼ੀ ਦੇ ਇਸ ਮਾਮਲੇ ‘ਚ 45 ਸਾਲਾ ਐਂਡਰਿਊ ਕ੍ਰਿਸ ਬਜਡਕ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਜਿੰਗ ਦਸਤਾਵੇਜ਼ਾਂ ਮੁਤਾਬਕ, ਬਜਡਕ ’ਤੇ ਫਰਸਟ-ਡਿਗਰੀ ਮਰਡਰ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਦਸਤਾਵੇਜ਼ਾਂ ‘ਚ ਹਮਲੇ ਦੇ ਪਿੱਛੇ ਦੇ ਮਕਸਦ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਭਾਰੀ ਵਿਵਾਦ ਖੜ੍ਹਾ ਹੋਇਆ ਸੀ। ਬਾਅਦ ‘ਚ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਸੀ।
ਇਸ ਪੋਸਟ ‘ਚ ਇੱਕ ਭਾਰਤੀ ਟਰੱਕ ਡਰਾਈਵਰ ਦਾ ਕਾਰਟੂਨ ਦਿਖਾਇਆ ਗਿਆ ਸੀ ਅਤੇ ‘ਸਿੰਘ’ ਉਪਨਾਮ ਦੀ ਵਰਤੋਂ ਕੀਤੀ ਗਈ ਸੀ। ਪੋਸਟ ਦੇ ਕੈਪਸ਼ਨ ‘ਚ ਕਿਹਾ ਗਿਆ ਸੀ—“ਸਾਡੀਆਂ ਸੜਕਾਂ ਤੋਂ ਹਟ ਜਾਓ। ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮਿਸਟਰ ਸਿੰਘ।” ਇਸ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ਪੋਸਟ ਨੂੰ ਨਸਲੀ ਭੇਦਭਾਵ ਵਾਲੀ ਦੱਸਦਿਆਂ ਆਲੋਚਨਾ ਕੀਤੀ ਸੀ।










