AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ AI ਬਣਾਉਣ ਵਾਲੇ ਲੋਕ ਖੁਦ ਪੂਰੀ ਇਮਾਨਦਾਰੀ ਨਾਲ ਮੰਨਦੇ ਹਨ ਕਿ ਇਹ ਤਕਨਾਲੋਜੀ ਇਸ ਦਹਾਕੇ ਦੇ ਅੰਤ ਤੱਕ ਪੂਰੀ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ।
ਕਾਕਸਨ ਦੀ ਤਾਜ਼ਾ ਚੇਤਾਵਨੀ ਮੁਤਾਬਕ ਸੁਪਰ-ਇੰਟੈਲੀਜੈਂਟ AI ਬਣਾਉਣ ਦੀ ਕੋਸ਼ਿਸ਼ ਕਿਸੇ ਐਲੀਅਨ ਪ੍ਰਜਾਤੀ ਨੂੰ ਸੱਦਾ ਦੇਣ ਵਰਗੀ ਹੈ। ਇਹ ਇੱਕ ਅਜਿਹਾ ਦਿਮਾਗ ਹੋਵੇਗਾ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ ਤੇ ਜਿਸ ’ਤੇ ਸਾਡਾ ਕੋਈ ਕੰਟਰੋਲ ਵੀ ਨਹੀਂ ਹੋ ਸਕਦਾ। ਉਨ੍ਹਾਂ ਨੇ ਹਾਲ ਹੀ ’ਚ ਡਾਰਿਓ ਅਮੋਦੇਈ ਦੀ ਅਗਵਾਈ ਵਾਲੀ ਕੰਪਨੀ Anthropic ਨੂੰ ਛੱਡਿਆ ਹੈ, ਜੋ Claude AI ਬਣਾਉਂਦੀ ਹੈ। ਇੱਕ ਟੀਵੀ ਸ਼ੋਅ ਦੌਰਾਨ ਉਨ੍ਹਾਂ ਕਿਹਾ, “ਸੁਪਰਇੰਟੈਲੀਜੈਂਸ ਦੇ ਸੰਕਲਪ ਦੀ ਤੁਲਨਾ ਕਿਸੇ ਐਲੀਅਨ ਪ੍ਰਜਾਤੀ ਨੂੰ ਸੱਦਾ ਦੇਣ ਨਾਲ ਕੀਤੀ ਗਈ ਹੈ। ਇਸ ਲਈ ਕਿਸੇ ਅਜਿਹੇ ਐਲੀਅਨ ਦਿਮਾਗ ਬਾਰੇ ਸੋਚਣਾ, ਜਿਸ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਸਮਝਦੇ, ਬਿਨਾਂ ਕਿਸੇ ਠੋਸ ਸਥਿਤੀ ਦੇ ਵੀ ਕਾਫੀ ਡਰਾਉਣਾ ਹੈ।”
ਕਾਕਸਨ ਅਸਲ ’ਚ ਇਸ ਗੱਲ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ ਕਿ ਅਜਿਹੀ ਐਲੀਅਨ ਇੰਟੈਲੀਜੈਂਸ ਬਣਾਉਣਾ ਜਿਸ ਨੂੰ ਕੰਟਰੋਲ ਨਾ ਕੀਤਾ ਜਾ ਸਕੇ, ਆਪਣੇ ਆਪ ’ਚ ਹੀ ਬਹੁਤ ਡਰਾਉਣਾ ਹੈ। ਭਾਵੇਂ ਤੁਸੀਂ ਦੁਨੀਆ ਦੇ ਖਤਮ ਹੋਣ ਵਰਗੀ ਕਿਸੇ ਸਥਿਤੀ ਬਾਰੇ ਨਾ ਵੀ ਸੋਚੋ।










