ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ ਬਾਰੇ ਸਵਾਲ ਤੋਂ ਖਿਝੇ ਰਾਸ਼ਟਰਪਤੀ ਨੇ ਉਲਟਾ ਉਸ ਪੱਤਰਕਾਰ ਦਾ ਹੀ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਅਮਰੀਕਾ ਦੇ ਦੋ ਸੂਬਿਆਂ ਵਿਚ ਚੋਣ ਪ੍ਰਚਾਰ ਦੇ ਪ੍ਰੋਗਰਾਮ ਰੱਦ ਕਿਉਂ ਕੀਤੇ ਗਏ ਹਨ ਅਤੇ ਕੀ ਇਸ ਪਿੱਛੇ ਉਨ੍ਹਾਂ ਦੀ ਸਿਹਤ ਕੋਈ ਕਾਰਨ ਹੈ, ਤਾਂ ਉਹ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਪੱਤਰਕਾਰ ਨੂੰ ਹੀ ਕਹਿ ਦਿੱਤਾ ਕਿ ਉਹ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਲੱਗਦਾ ਅਤੇ ਉਸ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੱਤਰਕਾਰ ਨੂੰ ਹੀ ਦੱਸ ਦਿੱਤਾ ਬਿਮਾਰ
ਗੁੱਸੇ ਵਿਚ ਆਏ ਟਰੰਪ ਨੇ ਪੱਤਰਕਾਰ ਨੂੰ ਕਿਹਾ, “ਤੁਸੀਂ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ। ਤੁਸੀਂ ਬਿਮਾਰ ਹੋ। ਤੁਸੀਂ ਸੱਚਮੁੱਚ ਬਿਮਾਰ ਹੋ।” ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਪਿਛਲੇ ਕਈ ਹਫ਼ਤਿਆਂ ਤੋਂ ਮੱਧਕਾਲੀ ਚੋਣਾਂ ਦੇ ਪ੍ਰਚਾਰ ਲਈ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹਨ। ਇਹ ਚੋਣਾਂ ਤੈਅ ਕਰਨਗੀਆਂ ਕਿ ਉਨ੍ਹਾਂ ਦੇ ਕਾਰਜਕਾਲ ਦੇ ਬਾਕੀ ਦੋ ਸਾਲਾਂ ਦੌਰਾਨ ਸਰਕਾਰ ਕਿਸ ਦਿਸ਼ਾ ਵਿਚ ਅੱਗੇ ਵਧੇਗੀ।
ਪੱਤਰਕਾਰ ਨੂੰ ਕਿਹਾ- ਤੁਸੀਂ ਫਿੱਟ ਨਹੀਂ ਹੋ
ਜਦੋਂ ਪੱਤਰਕਾਰ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਰਾਸ਼ਟਰਪਤੀ ਦੀ ਸਿਹਤ ਬਾਰੇ ਪੁੱਛ ਰਿਹਾ ਹੈ, ਤਾਂ ਟਰੰਪ ਹੋਰ ਵੀ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਪੱਤਰਕਾਰ ਦੇ ਸਰੀਰਕ ਦਿੱਖ ’ਤੇ ਟਿੱਪਣੀ ਕਰ ਦਿੱਤੀ। ਉਨ੍ਹਾਂ ਨੇ ਪੱਤਰਕਾਰ ਦੀ ਨਕਲ ਉਤਾਰਦਿਆਂ ਕਿਹਾ ਕਿ ਉਹ ਬਿਲਕੁਲ ਵੀ ਫਿੱਟ ਨਹੀਂ ਹੈ।










