ਪੰਜਾਬੀ ਗਾਇਕ ਰਾਜਵੀਰ ਜਵੰਦਾ(35) ਦਾ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ’ਤੇ ਸ਼ਿਮਲਾ ਜਾ ਰਿਹਾ ਸੀ।
ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਵਜੇ ਆਖਰੀ ਸਾਹ ਲਏ। ਰਾਜਵੀਰ ਜਵੰਦਾ ਦੀ ਮੌਤ ਮਗਰੋਂ ਇਹਤਿਆਤ ਵਜੋਂ ਮੁਹਾਲੀ ਹਸਪਤਾਲ ਵਿਚ ਪੁਲੀਸ ਫੋਰਸ ਦੀ ਨਫ਼ਰੀ ਵਧਾ ਦਿੱਤੀ ਗਈ ਹੈ।ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਮੁਹਾਲੀ ਤੋਂ ਸਾਬਕਾ ਵਿਧਾਇਕ ਬਲਬੀਰ ਸਿੱਧੂ, ਅਦਾਕਾਰਾ ਨੀਰੂ ਬਾਜਵਾ ਆਦਿ ਸਣੇ ਹੋਰਨਾਂ ਨੇ ਟਵੀਟ ਕਰਕੇ ਜਵੰਦਾ ਦੀ ਮੌਤ ’ਤੇ ਦੁੱਖ ਜਤਾਇਆ ਹੈ।










