ਨਵੀਂ ਦਿੱਲੀ : ਨੇਪਾਲ ‘ਚ ਅਚਾਨਕ ਹਿੰਸਾ ਫੈਲ ਗਈ ਤੇ ਕੁਝ ਘੰਟਿਆਂ ਦੇ ਅੰਦਰ ਹੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ। ਸੰਸਦ ‘ਤੇ ਹਮਲਾ ਕਰਨ ਤੋਂ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਘਰ ਨੂੰ ਅੱਗ ਲਗਾਉਣ ਤਕ, ਨੇਪਾਲ ਦੀਆਂ ਗਲੀਆਂ ‘ਚ ਇਕ ਤੋਂ ਬਾਅਦ ਇਕ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ।ਇਸ ਅੰਦੋਲਨ ‘ਚ ਸ਼ਾਮਲ ਜ਼ਿਆਦਾਤਰ ਲੋਕ 20 ਸਾਲ ਦੇ ਆਸ-ਪਾਸ ਸਨ, ਜਿਸ ਕਰਕੇ ਇਸ ਅੰਦੋਲਨ ਨੂੰ ਜੈਨ-ਜ਼ੀ ਦਾ ਨਾਂ ਦਿੱਤਾ ਗਿਆ। ਦਾਅਵਾ ਕੀਤਾ ਗਿਆ ਕਿ ਨੇਪਾਲ ‘ਚ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚੱਲ ਰਹੀ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਨੌਜਵਾਨਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਸਰਕਾਰ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ। ਨੇਪਾਲ ‘ਚ ਹੋਈ ਹਿੰਸਾ ਵਿਚ 19 ਲੋਕਾਂ ਦੀ ਮੌਤ ਹੋ ਗਈ। ਆਖਿਰਕਾਰ, ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਲਗਾਈ ਪਾਬੰਦੀ ਹਟਾ ਲਈ। ਪਰ, ਪ੍ਰਦਰਸ਼ਨਕਾਰੀਆਂ ਦੀ ਭੀੜ ਇਸ ‘ਤੇ ਵੀ ਨਹੀਂ ਮੰਨੀ ਅਤੇ ਨੇਪਾਲ ਦੇ ਕਈ ਹਿੱਸਿਆਂ ਵਿਚ ਅੱਗਜ਼ਨੀ ਜਾਰੀ ਰਹੀ।
VPN ਦਾ ਕੀਤਾ ਗਿਆ ਇਸਤੇਮਾਲ
ਵਿਸ਼ਵ ਬੈਂਕ ਅਨੁਸਾਰ, ਸੋਸ਼ਲ ਮੀਡੀਆ ‘ਤੇ ਪਾਬੰਦੀ ਅਤੇ ਇੰਟਰਨੈਟ ‘ਤੇ ਰੋਕਾਂ ਦੇ ਬਾਵਜੂਦ ਨੇਪਾਲ ਦੀ ਅੱਧੀ ਤੋਂ ਵੱਧ ਆਬਾਦੀ ਆਨਲਾਈਨ ਸੀ। ਇਸ ਲਈ ਮੁਜ਼ਾਹਰਾਕਾਰੀਆਂ ਨੇ VPN ਦੀ ਮਦਦ ਲਈ। ਬਲੂਟੂਥ ਮੈਸੇਜਿੰਗ ਐਪ ਬਿਟਚੈਟ ‘ਤੇ ਵੀ ਲੋਕ ਇਕ-ਦੂਜੇ ਨੂੰ ਸੁਨੇਹੇ ਭੇਜ ਰਹੇ ਸਨ।










