ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸਥਿਤ ਅਰਧ-ਸੈਨਿਕ ਬਲ ‘ਬਾਰਡਰ ਰੇਂਜਰਸ’ ਦੇ ਮੁੱਖ ਦਫ਼ਤਰ ‘ਤੇ ਹੋਏ ਇੱਕ ਆਤਮਘਾਤੀ ਹਮਲੇ ਵਿੱਚ 6 ਅੱਤਵਾਦੀ ਢੇਰ ਹੋ ਗਏ ਹਨ, ਜਦੋਂ ਕਿ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਕਈ ਹੋਰ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿ ਵਿਸਫੋਟਕਾਂ ਨਾਲ ਭਰਿਆ ਇੱਕ ਵਾਹਨ ਮੁੱਖ ਦਫ਼ਤਰ ਦੀ ਇਮਾਰਤ ਨਾਲ ਟਕਰਾਇਆ ਗਿਆ। ਇਸ ਕਾਰਨ ਪਹਿਲਾਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਪਤਾ ਲੱਗਿਆ ਹੈ ਕਿ ਕਾਫ਼ੀ ਦੇਰ ਤੱਕ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਣ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਇਆ ਗਿਆ।ਰਾਇਟਰਜ਼ ਮੁਤਾਬਕ, ਹਮਲੇ ਵਿੱਚ ਸ਼ਾਮਲ 6 ਕੱਟੜਪੰਥੀ ਵੀ ਮਾਰੇ ਗਏ ਹਨ। ਜਿਸ ਜਗ੍ਹਾ ‘ਤੇ ਇਹ ਘਟਨਾ ਵਾਪਰੀ, ਉਸ ਦੇ ਨੇੜੇ ਹੀ ਕਈ ਯੂਨੀਵਰਸਿਟੀਆਂ ਅਤੇ ਮੌਸਮ ਵਿਭਾਗ ਦਾ ਦਫ਼ਤਰ ਵੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਤਹਿਰੀਕ-ਏ-ਤਾਪਾਕਿਸਤਾਨ (TTP) ਦੇ ਇੱਕ ਬੇਰਹਿਮ ਕੱਟੜਪੰਥੀ ਗੁੱਟ, ‘ਜਮਾਤ-ਉਲ-ਅਹਰਾਰ’ (JuA) ਨੇ ਸਿੰਧ ਰੇਂਜਰਸ ਹੈੱਡਕੁਆਰਟਰ ‘ਤੇ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ‘ਖੁਲਾਫਾ-ਏ-ਰਾਸ਼ਿਦੀਨ ਇਸਤਿਸ਼ਹਾਦੀ ਬ੍ਰਿਗੇਡ’ ਨਾਂ ਦੇ ਇੱਕ ਆਤਮਘਾਤੀ ਦਸਤੇ ਦੁਆਰਾ ਕੀਤਾ ਗਿਆ ਸੀ।
ਸਿੰਧ ਦੇ ਮੁੱਖ ਮੰਤਰੀ ਨੇ ਕੀ ਕਿਹਾ
ਸਿੰਧ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਅਤੇ ਕਥਿਤ ਗੋਲੀਬਾਰੀ ਦੀਆਂ ਖ਼ਬਰਾਂ ਦਾ ਨੋਟਿਸ ਲਿਆ ਹੈ ਅਤੇ ਨਾਲ ਹੀ ਇਸ ਘਟਨਾ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸਈਅਦ ਮੁਰਾਦ ਅਲੀ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਪੁਲਿਸ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚਣਾ ਚਾਹੀਦਾ ਹੈ, ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।”ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕੱਟੜਪੰਥੀ ਹਮਲਿਆਂ ਵਿੱਚ ਤੇਜ਼ੀ ਆਈ ਹੈ। ਅਧਿਕਾਰੀਆਂ ਨੇ ਇਸ ਹਿੰਸਾ ਲਈ ਜ਼ਿਆਦਾਤਰ ਪਾਕਿਸਤਾਨੀ ਤਾਲਿਬਾਨ ਅਤੇ ਉਸ ਨਾਲ ਜੁੜੇ ਕੱਟੜਪੰਥੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।










