ਇਸਲਾਮਾਬਾਦ : ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿੱਚ ਲਾਪਤਾ ਮਰਦਾਂ ਲਈ ਲੜਨ ਵਾਲੀ ਔਰਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਔਰਤ ਦਾ ਨਾਂ ਡਾ. ਮਹਿਰੰਗ ਬਲੋਚ ਹੈ। ਜਦੋਂ ਉਹ ਨੌਜਵਾਨ ਸੀ ਤਾਂ ਉਸ ਨੇ ਪਾਕਿਸਤਾਨ ਵਿੱਚ ਸੈਂਕੜੇ ਪਰਿਵਾਰਾਂ ਨਾਲ ਮਿਲ ਕੇ ਆਪਣੇ ਪਿਤਾ ਦੀ ਭਾਲ ਸ਼ੁਰੂ ਕੀਤੀ ਸੀ।ਸਾਲਾਂ ਬਾਅਦ ਇਹ ਮਹਿਲਾ ਡਾਕਟਰ ਤੋਂ ਇੱਕ ਐਕਟਿਵਿਸਟ ਬਣ ਗਈ ਅਤੇ ਇਸ ਅੰਦੋਲਨ ਦੇ ਸਭ ਤੋਂ ਜਾਣੇ-ਪਛਾਣੇ ਚਿਹਰਿਆਂ ਵਿੱਚੋਂ ਇੱਕ ਬਣ ਗਈ। ਇਸ ਅੰਦੋਲਨ ਦਾ ਮਕਸਦ ਉਨ੍ਹਾਂ ਲਾਪਤਾ ਮਰਦਾਂ ਦੀ ਭਾਲ ਕਰਨਾ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਸੀ। ਹੁਣ ਇਸ ਮਹਿਰੰਗ ਨੂੰ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਾਕਿਸਤਾਨ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਮਹਿਰੰਗ ਅਤੇ ਉਨ੍ਹਾਂ ਦੇ ਸਾਥੀ ਐਕਟਿਵਿਸਟ ਸਿਬਗਤੁੱਲਾ ਸ਼ਾਹ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ 2024 ਵਿੱਚ ਗਵਾਦਰ ਸ਼ਹਿਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਪੈਰਾਮਿਲਟਰੀ ਫ਼ੌਜੀ ਦੀ ਮੌਤ ਦੇ ਮਾਮਲੇ ਵਿੱਚ ਅੱਤਵਾਦ, ਦੇਸ਼ਧ੍ਰੋਹ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ।
ਹਾਲਾਂਕਿ, ਮਹਿਰੰਗ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਮੀਦ ਹੈ ਕਿ ਉਹ ਉੱਚੀ ਅਦਾਲਤ ਵਿੱਚ ਅਪੀਲ ਕਰੇਗੀ। ਇਸ ਮਾਮਲੇ ਨੂੰ ਲੈ ਕੇ ਮਹਿਰੰਗ ਦਾ ਪਰਿਵਾਰ ਡਟਿਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨੂੰ ਉੱਚੀਆਂ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਬੀਬੀਸੀ ਦੀ ਰਿਪੋਰਟ ਮੁਤਾਬਕ, ਜੇਲ੍ਹ ਵਿੱਚ ਬੰਦ ਮਹਿਰੰਗ ਦੀ ਭੈਣ ਨਾਦੀਆ ਬਲੋਚ ਦਾ ਕਹਿਣਾ ਹੈ, “ਮੇਰੇ ਵਿੱਚ ਉਨ੍ਹਾਂ ਨੂੰ ਮਿਲਣ ਦੀ ਹਿੰਮਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਇਨਸਾਫ਼ ਨਾ ਦਿਵਾ ਕੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹਾਂ।”










