ਚੰਡੀਗੜ੍ਹ : ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਝੰਬੇ ਹੋਏ ਕਿਸਾਨ ਹੁਣ ਆਪਣੀ ਜਿਣਸ ਵੇਚਣ ਲਈ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋ ਰਹੇ ਹਨ। ਹਾਲਾਂਕਿ ਸੂਬਾ ਸਰਕਾਰ ਨੇ ਇਕ ਅਪ੍ਰੈਲ ਤੋਂ ਹਾੜੀ ਦੀ ਮੁੱਖ ਫਸਲ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਅਤੇ ਮੰਡੀਆਂ ਵਿਚ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਹੈ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਣਕ ਵੇਚਣ ਲਈ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ 122 ਲੱਖ ਮੀਟ੍ਰਿਕ ਟਨ ਕਣਕ ਖ੍ਰੀਦ ਕਰਨ ਦਾ ਟੀਚਾ ਰੱਖਿਆ ਹੈ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਭਾਰੀ ਮੀਹ ਅਤੇ ਗੜੇਮਾਰੀ ਨੇ ਫਸਲਾਂ ਖਾਸਕਰਕੇ ਕਣਕ ਦਾ ਕਾਫ਼ੀ ਨੁਕਸਾਨ ਕੀਤਾ ਹੈ।
ਸਰਕਾਰੀ ਅੰਕੜੇ ਵੀ ਦੱਸਦੇ ਹਨ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਸੁਸਤ ਚਾਲ ਨਾਲ ਚੱਲ ਰਹੀ ਹੈ। ਮੰਡੀਆਂ ਵਿਚ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ। ਸੂਤਰ ਦੱਸਦੇ ਹਨ ਕਿ ਸੂਬਾ ਸਰਕਾਰ ਅਤੇ ਖ੍ਰੀਦ ਏਜੰਸੀਆਂ ਨੂੰ ਕੇਂਦਰ ਸਰਕਾਰ ਵਲੋਂ ਖਰੀਦ ਵਿਚ ਸ਼ਰਤਾਂ ਵਿਚ ਢਿੱਲ ਮਿਲਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਖਰੀਦ ਏਜੰਸੀਆਂ ਵਲੋਂ ਕਣਕ ਖਰੀਦ ਕਰਨ ਦੀ ਪ੍ਰੀਕਿਰਿਆ ਨੂੰ ਜਾਣਬੁੱਝ ਕੇ ਹੌਲੀ ਕੀਤਾ ਹੋਇਆ ਹੈ। ਕੇਦਰ ਸਰਕਾਰ ਦੀਆਂ ਵੱਖ-ਵੱਖ ਟੀਮਾਂ ਨੇ ਫਸਲਾਂ, ਖਾਸ ਕਰਕੇ ਕਣਕ ਦੇ ਹੋਏ ਨੁਕਸਾਨ ਦਾ ਜ਼ਾਇਜਾ ਲੈਣ ਲਈ ਮਾਲਵਾ ਦੇ ਸਰਹੱਦੀ ਜ਼ਿਲਿਆ ਦਾ ਦੌਰਾ ਕੀਤਾ ਹੈ ਜਿਸ ਕਰਕੇ ਸੂਬਾ ਸਰਕਾਰ ਨੂੰ ਉਮੀਦ ਹੈ ਕਿ ਕੇਦਰ ਸਰਕਾਰ ਖਰੀਦ ਵਿਚ ਢਿੱਲ ਦੇਵੇਗੀ। ਦੱਸਿਆ ਜਾਂਦਾ ਹੈ ਕਿ ਰਾਜਸਥਾਨ ਨੂੰ ਪਹਿਲਾਂ ਹੀ ਢਿੱਲ ਮਿਲ ਚੁੱਕੀ ਹੈ।
ਅੰਕੜੇ ਦੱਸਦੇ ਹਨ ਕਿ ਬੀਤੇ ਕੱਲ੍ਹ 14 ਅਪ੍ਰੈਲ ਤੱਕ ਮੰਡੀਆਂ ਵਿਚ ਕੁੱਲ 401732.25 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਦਕਿ ਇਕੱਲੇ ਕੱਲ ਦੇ ਦਿਨ ਦੀ ਆਮਦ 167893.15 ਮੀਟ੍ਰਿਕ ਟਨ ਰਹੀ ਹੈ। ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 80827.20 ਮੀਟਰਕ ਟਨ ਕਣਕ ਖ੍ਰੀਦ ਕੀਤੀ ਹੈ. ਇਸ ਵਿਚ ਸਰਕਾਰੀ ਏਜੰਸੀਆਂ ਨੇ 79314.50 ਮੀਟਰਕ ਟਨ ਅਤੇ ਪ੍ਰਾਈਵੇਟ ਤੌਰ ’ਤੇ 1512.70 ਮੀਟ੍ਰਿਕ ਟਨ ਕਣਕ ਖਰੀਦ ਕੀਤੀ ਗਈ ਹੈ। ਖਰੀਦ ਕੀਤੀ ਕੁੱਲ ਕਣਕ ਵਿਚੋ 11047.80 ਮੀਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ। ਬਾਕੀ ਸਾਰੀ ਕਣਕ ਖੁੱਲੇ ਅਸਮਾਨ ਹੇਠ ਪਈ ਹੈ।










