ਨਵੀਂ ਦਿੱਲੀ : ਜਰਮਨੀ ਦੇ ਕੋਲੋਨ ਸ਼ਹਿਰ ‘ਚ ਇਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਇਕ ਰੋਬੋਟ ਵੱਲੋਂ ਕਥਿਤ ਤੌਰ ‘ਤੇ 16 ਸਾਲਾ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਵੀਡੀਓ ਬਣਾਈ ਗਈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਲਾਈਵ-ਸਟ੍ਰੀਮ ਵੀ ਕੀਤਾ ਗਿਆ।
ਰੋਬੋਟ ਨੇ ਕਥਿਤ ਤੌਰ ‘ਤੇ ਕੁੜੀ ਨਾਲ ਕੀਤੀ ਛੇੜਛਾੜ
ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ, ਇਹ ਘਟਨਾ ਐਤਵਾਰ ਰਾਤ ਕਰੀਬ 11:45 ਵਜੇ ਕੇਂਦਰੀ ਕੋਲੋਨ ਦੇ ‘ਹੋਹੇਨਜ਼ੋਲਰਨਰਿੰਗ’ ਇਲਾਕੇ ‘ਚ ਵਾਪਰੀ। ਕੁੜੀ ਆਪਣੇ ਦੋਸਤਾਂ ਨਾਲ ਇਕ ਰੈਸਟੋਰੈਂਟ ਦੇ ਬਾਹਰ ਖੜ੍ਹੀ ਸੀ, ਜਦੋਂ ਲਾਲ ਤੇ ਸੁਨਹਿਰੀ ਰੰਗ ਦਾ ਲਗਪਗ 1.2 ਮੀਟਰ ਉੱਚਾ ਰੋਬੋਟ ਕਥਿਤ ਤੌਰ ‘ਤੇ ਪਿੱਛਿਓਂ ਉਸ ਕੋਲ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਫ਼ਿਲਮਾਇਆ ਗਿਆ ਤੇ ਸੋਸ਼ਲ ਮੀਡੀਆ ‘ਤੇ ਲਾਈਵ-ਸਟ੍ਰੀਮ ਕੀਤਾ ਗਿਆ। ਕੋਲੋਨ ਪੁਲਿਸ ਨੇ ਕਿਹਾ, ‘ਮਸ਼ੀਨ ਨੇ ਕਥਿਤ ਤੌਰ ‘ਤੇ 16 ਸਾਲਾ ਕੁੜੀ ਦੇ ਕਮਰ ਵਾਲੇ ਹਿੱਸੇ ਨੂੰ ਛੂਹਿਆ ਅਤੇ ਉਸ ਨੂੰ ਧੱਕਾ ਦਿੱਤਾ।’ ਪੁਲਿਸ ਨੂੰ ਸ਼ੱਕ ਹੈ ਕਿ ਰੋਬੋਟ ਦੇ 16 ਸਾਲਾ ਮਾਲਕ, ਜੋ ਵੇਗਬਰਗ ਦਾ ਰਹਿਣ ਵਾਲਾ ਹੈ, ਅਤੇ ਉਸ ਦੇ 19 ਸਾਲਾ ਸਾਥੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਘਟਨਾ ਦੌਰਾਨ ਟਿੱਪਣੀਆਂ ਵੀ ਕੀਤੀਆਂ। ਜਾਂਚਕਰਤਾ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੁੜੀ ਨੂੰ ਪਰੇਸ਼ਾਨ ਕਰਨ ਲਈ ਮਸ਼ੀਨ ‘ਚ ਜਾਣਬੁੱਝ ਕੇ ਕੋਈ ਤਬਦੀਲੀ ਕੀਤੀ ਗਈ ਸੀ। ਕੋਲੋਨ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਸ਼ੱਕ ‘ਚ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।










